ਭਤੀਜੇ ਦੇ ਕ.ਤ.ਲ ਮਾਮਲੇ ‘ਚ ਭਾਜਪਾ ਆਗੂ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ
ਜਲੰਧਰ ਦੇ ਸ਼ਿਵਾਜੀ ਨਗਰ ਇਲਾਕੇ ‘ਚ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ (17) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਜਦੋਂ ਵਿਕਾਸ ਦਾ ਕਿਸੇ ਗੱਲ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋਇਆ। ਪਰਿਵਾਰ ਦੇ ਮੁਤਾਬਕ ਝਗੜੇ ਤੋਂ ਬਾਅਦ ਮੁਲਜ਼ਮ ਕਾਲੂ ਨੇ ਵਿਕਾਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੇ ਉਸ ‘ਤੇ ਵਾਰ-ਵਾਰ ਚਾਕੂ ਮਾਰੇ ਅਤੇ ਉਸਨੂੰ ਸੜਕ ‘ਤੇ ਗੰਭੀਰ ਹਾਲਤ ‘ਚ ਛੱਡ ਕੇ ਮੌਕੇ ਤੋਂ ਭੱਜ ਗਿਆ।
ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 10 ਵਜੇ ਦੇ ਕਰੀਬ ਇੱਕ ਫੋਨ ਆਇਆ ਜਿਸ ‘ਚ ਦੱਸਿਆ ਗਿਆ ਕਿ ਵਿਕਾਸ ‘ਤੇ ਹਮਲਾ ਹੋਇਆ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਵਿਕਾਸ ਖੂਨ ਨਾਲ ਲੱਥਪੱਥ ਪਿਆ ਸੀ। ਪਰਿਵਾਰ ਦੇ ਮੈਂਬਰਾਂ ਨੇ ਤੁਰੰਤ ਵਿਕਾਸ ਨੂੰ ਕਪੂਰਥਲਾ ਚੌਕ ਦੇ ਜੋਸ਼ੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ, ਪਰ ਗੰਭੀਰ ਸੱਟਾਂ ਕਾਰਨ ਉਸਦੀ ਮੌਤ ਇਲਾਜ ਦੌਰਾਨ ਹੋ ਗਈ। ਵਿਕਾਸ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੀ।
ਸ਼ੀਤਲ ਅੰਗੁਰਾਲ ਨੇ ਇਸ ਕਤਲ ਪਿੱਛੇ ਨਸ਼ੇ ਨੂੰ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਬਸਤੀ ਦਾਨਿਸ਼ ਮੰਡ ਅਤੇ ਆਸ ਪਾਸ ਦੇ ਇਲਾਕਿਆਂ ‘ਚ ਨਸ਼ੇ ਖੁੱਲ੍ਹੇਆਮ ਵੇਚੇ ਜਾ ਰਹੇ ਹਨ। ਸ਼ੀਤਲ ਅੰਗੁਰਾਲ ਦਾ ਮੰਨਣਾ ਹੈ ਕਿ ਵਿਕਾਸ ਦਾ ਕਤਲ ਨਸ਼ੇੜੀਆਂ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਲੂ ਇੱਕ ਨਸ਼ਾ ਵੇਚਣ ਵਾਲਾ ਹੈ ਅਤੇ ਪਹਿਲਾਂ ਵੀ ਪੁਲਿਸ ‘ਤੇ ਹਮਲਾ ਕਰ ਚੁੱਕਾ ਹੈ।
ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਹਮਲੇ ‘ਚ ਤਿੰਨ ਜਣੇ ਸ਼ਾਮਲ ਸਨ। ਮੁੱਖ ਮੁਲਜ਼ਮ ਦੀ ਪਛਾਣ ਕਾਲੂ ਵਜੋਂ ਹੋਈ ਹੈ, ਜਦੋਂ ਕਿ ਬਾਕੀ ਦੋ ਦੀ ਪਛਾਣ ਪੁਲਿਸ ਜਾਂਚ ਦੌਰਾਨ ਕੀਤੀ ਜਾ ਰਹੀ ਹੈ। ਫਿਲਹਾਲ, ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਸ਼ੀਤਲ ਅੰਗੁਰਾਲ ਨੇ ਕਤਲ ‘ਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਏਡੀਸੀਪੀ ਜਯੰਤ ਪੁਰੀ ਨੇ ਦੱਸਿਆ ਕਿ ਇਹ ਕਤਲ ਥਾਣਾ ਨੰਬਰ 5 ਅਧੀਨ ਆਉਂਦੇ ਖੇਤਰ ਵਿੱਚ ਹੋਇਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਪੁਲਿਸ ਟੀਮ ਬਣਾਈ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਲ ਦੇ ਪਿੱਛੇ ਦੇ ਮਕਸਦ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।