ਕਾਂਗਰਸ ਨੇ ਸੰਸਦ ‘ਚ ਦਿੱਲੀ ਹਵਾ ਪ੍ਰਦੂਸ਼ਣ ਮੁੱਦਾ ਚੁੱਕਿਆ, ਸਰਕਾਰ ਤੋਂ ਜ਼ਿੰਮੇਵਾਰਾਂ ਖ਼ਿਲਾਫ ਕਾਰਵਾਈ ਦੀ ਮੰਗ

ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਦਿੱਲੀ-ਐਨਸੀਆਰ ‘ਚ ਹਵਾ ਪ੍ਰਦੂਸ਼ਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੋ ਗਿਆ ਹੈ। ਉਨ੍ਹਾਂ ਕਿਹਾ, “ਸਾਨੂੰ ਇਸ ਮੁੱਦੇ ‘ਤੇ ਚਰਚਾ ਕਰਨੀ ਚਾਹੀਦੀ ਹੈ। ਮੈਂ ਇਸ ਲਈ ਇੱਕ ਨੋਟੀਫਿਕੇਸ਼ਨ ਪੇਸ਼ ਕਰਾਂਗੀ।”

ਕਾਂਗਰਸ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਲੋਕ ਸਭਾ ‘ਚ ਇੱਕ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ ਹੈ। ਇਸਦਾ ਉਦੇਸ਼ ਦਿੱਲੀ ਅਤੇ ਐਨਸੀਆਰ ‘ਚ ਵਧ ਰਹੇ ਗੰਭੀਰ ਹਵਾ ਪ੍ਰਦੂਸ਼ਣ ‘ਤੇ ਚਰਚਾ ਕਰਨਾ ਹੈ। ਸੰਸਦ ਮੈਂਬਰ ਨੇ ਸੰਸਦ ‘ਚ ਇਹ ਮੁੱਦਾ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਤੋਂ ਜ਼ਿੰਮੇਵਾਰ ਲੋਕਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦਰਅਸਲ, ਰਾਜ ਸਭਾ ਦੀ ਕਾਰਵਾਈ ਸੋਮਵਾਰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਇਹ ਹੰਗਾਮਾ ਉਦੋਂ ਹੋਇਆ ਜਦੋਂ ਖਜ਼ਾਨਾ ਬੈਂਚਾਂ ਦੇ ਸੰਸਦ ਮੈਂਬਰਾਂ ਨੇ ਦਿੱਲੀ ‘ਚ ਕਾਂਗਰਸ ਦੀ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲਗਾਏ ਨਾਅਰਿਆਂ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ।

ਕੇਂਦਰੀ ਮੰਤਰੀ ਅਤੇ ਸਦਨ ਦੇ ਆਗੂ ਜੇਪੀ ਨੱਡਾ ਨੇ ਕਿਹਾ ਕਿ ਰੈਲੀ ‘ਚ ਲਗਾਏ ਗਏ ਨਾਅਰੇ ਕਾਂਗਰਸ ਦੀ ਮਾਨਸਿਕਤਾ ਅਤੇ ਸੋਚ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਨਾਅਰੇ ਨਿੰਦਣਯੋਗ ਹਨ ਅਤੇ ਵਿਰੋਧੀ ਧਿਰ ਦੇ ਆਗੂ ਮਲਿਕਾਰੁਜਨ ਖੜਗੇ ਅਤੇ ਸੋਨੀਆ ਗਾਂਧੀ ਨੂੰ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਦੂਜੇ ਪਾਸੇ ਕਾਂਗਰਸ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਦਿੱਲੀ ਰੈਲੀ ‘ਚ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਕਥਿਤ ਨਾਅਰਿਆਂ ਨੂੰ ਲੈ ਕੇ ਭਾਜਪਾ ਦਾ ਡਰਾਮਾ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਰੈਲੀ ਸਫਲ ਰਹੀ, ਪਰ ਭਾਜਪਾ ਇਸ ਨੂੰ ਮੁੱਦਾ ਬਣਾ ਰਹੀ ਹੈ। ਕੋਈ ਵੀ ਕਾਂਗਰਸੀ ਆਗੂ ਅਜਿਹੀ ਅਸਵੀਕਾਰਨਯੋਗ ਭਾਸ਼ਾ ਦੀ ਵਰਤੋਂ ਨਹੀਂ ਕਰੇਗਾ। ਵੇਣੂਗੋਪਾਲ ਨੇ ਇਹ ਵੀ ਕਿਹਾ ਕਿ ਪਾਰਟੀ ਆਗੂਆਂ ਦੀ ਭਾਸ਼ਾ ਹਮੇਸ਼ਾ ਵਧੀਆ ਰਹੀ ਹੈ, ਜਦੋਂ ਕਿ ਭਾਜਪਾ ਨੇ ਕਈ ਵਾਰ ਅਸਵੀਕਾਰਨਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ।

ਇਸ ਲੇਖ ਨੂੰ ਸਾਂਝਾ ਕਰੋ: