12ਵੀਂ ਜਮਾਤ ਦੀ ਵਿਦਿਆਰਥਣ ਖੁ.ਦ.ਕੁ.ਸ਼ੀ ਮਾਮਲੇ ‘ਚ ਕਾਰਵਾਈ, ਹੋਵੇਗੀ ਸਖ਼ਤ ਕਾਰਵਾਈ
ਅੰਮ੍ਰਿਤਸਰ (amritsar) ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸਰਕਾਰ ਨੇ ਕਾਰਵਾਈ ਕੀਤੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਕੂਲ ਪ੍ਰਸ਼ਾਸਨ ਅਤੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫੀਸਾਂ ਦੀ ਅਦਾਇਗੀ ਨਾ ਕਰਨ ਸਮੇਤ ਸਕੂਲ ਪ੍ਰਬੰਧਨ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਅਮਜੋਤ ਕੌਰ ਦੇ ਮਾਮਲੇ ਵਿੱਚ, ਪੁਲਿਸ ਨੇ ਪ੍ਰਿੰਸੀਪਲ ਸ਼ਬਨਮ ਸ਼ਰਮਾ ਅਤੇ ਕਲਾਸ ਟੀਚਰ ਅਕਾਂਕਸ਼ਾ ਸ਼ਰਮਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਏਸੀਪੀ ਗਗਨਦੀਪ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।
ਅਮਜੋਤ ਕੌਰ ਨੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਡੀਡੀਆਈਐਸ ਸਕੂਲ ਤੋਂ 11ਵੀਂ ਜਮਾਤ ਪਾਸ ਕੀਤੀ ਸੀ ਅਤੇ ਸਕੂਲ ਪ੍ਰਬੰਧਨ ਉਸਨੂੰ 10ਵੀਂ ਜਮਾਤ ਦਾ ਸਰਟੀਫਿਕੇਟ ਨਹੀਂ ਦੇ ਰਿਹਾ ਸੀ।
ਹੁਣ, ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦਿਆਰਥਣ ਦੇ ਚਰਿੱਤਰ ‘ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਸਨ। ਇਸ ਤੋਂ ਇਲਾਵਾ, ਸਕੂਲ ਪ੍ਰਿੰਸੀਪਲ ਅਤੇ ਕਲਾਸ ਟੀਚਰ ਉਸ ਤੋਂ ਲਗਾਤਾਰ ਨਿੱਜੀ ਅਤੇ ਘਰੇਲੂ ਕੰਮ ਕਰਵਾਉਣ ਲਈ ਕਹਿੰਦੇ ਸਨ।
ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਵਿਦਿਆਰਥਣ ਨੇ ਅਜਿਹੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੂੰ ਪ੍ਰੀਖਿਆਵਾਂ ਵਿੱਚ ਫੇਲ੍ਹ ਹੋਣ ਅਤੇ ਗ੍ਰੇਡ ਗੁਆਉਣ ਦੀ ਧਮਕੀ ਦਿੱਤੀ ਗਈ। ਇਸ ਨਾਲ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਈ। ਗੁੱਸੇ ਵਿੱਚ ਆ ਕੇ ਉਸਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਅਮਜੋਤ ਕੌਰ ਆਪਣੀ ਮਾਸੀ ਸਰਬਜੀਤ ਕੌਰ ਨਾਲ ਰਹਿੰਦੀ ਸੀ।