ਸਰੀ ਵਿੱਚ ਫਰੇਜ਼ਰ ਦਰਿਆ ’ਤੇ ਅਸਥੀਆਂ ਵਿਸਰਜਨ ਲਈ ਬੁਕਿੰਗ ਸ਼ੁਰੂ
ਸਰੀ ਸ਼ਹਿਰ ਵੱਲੋਂ ਫਰੇਜ਼ਰ ਦਰਿਆ ’ਤੇ ਸਥਿਤ ਸਰੀ ਪਬਲਿਕ ਵ੍ਹਾਰਫ਼ ਵਿਖੇ ਮ੍ਰਿਤਕਾਂ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਲਈ ਇੱਕ ਪਾਇਲਟ ਪ੍ਰਾਜੈਕਟ ਤਹਿਤ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਕਈ ਪਰਿਵਾਰਾਂ ਲਈ ਆਪਣੇ ਕਿਸੇ ਪਿਆਰੇ ਦੀਆਂ ਅਸਥੀਆਂ ਵਗਦੇ ਪਾਣੀ ਵਿੱਚ ਵਿਸਰਜਿਤ ਕਰਨਾ ਇੱਕ ਮਹੱਤਵਪੂਰਨ ਸੱਭਿਆਚਾਰਕ, ਧਾਰਮਿਕ ਅਤੇ ਨਿੱਜੀ ਰਿਵਾਜ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪਰਿਵਾਰਾਂ ਨੂੰ ਇਕੱਠੇ ਹੋ ਕੇ ਆਪਣੇ ਪਿਆਰਿਆਂ ਨੂੰ ਯਾਦ ਕਰਨ ਅਤੇ ਆਪਣੀਆਂ ਰਵਾਇਤਾਂ ਦਾ ਸਨਮਾਨ ਕਰਨ ਲਈ ਸੁਰੱਖਿਅਤ ਤੇ ਸਤਿਕਾਰਯੋਗ ਥਾਂ ਪ੍ਰਦਾਨ ਕਰੇਗਾ। ਮੇਅਰ ਮੁਤਾਬਕ, ਵਾਤਾਵਰਣ ਸਬੰਧੀ ਜਾਂਚਾਂ ਵਿੱਚ ਇਸ ਥਾਂ ਨੂੰ ਅਸਥੀਆਂ ਵਿਸਰਜਨ ਲਈ ਸੁਰੱਖਿਅਤ ਪਾਇਆ ਗਿਆ ਹੈ। ਇਸ ਸੇਵਾ ਦੀ ਵਰਤੋਂ ਕਰਨ ਵਾਲੇ ਪਰਿਵਾਰਾਂ ਨੂੰ ਪਹਿਲਾਂ ਤਾਰੀਖ ਅਤੇ ਸਮਾਂ ਆਨਲਾਈਨ ਬੁੱਕ ਕਰਨਾ ਪਵੇਗਾ। ਬੁਕਿੰਗ ਫਾਰਮ 21 ਸਤੰਬਰ ਨੂੰ ਸਰੀ ਸ਼ਹਿਰ ਦੀ ਵੈੱਬਸਾਈਟ ’ਤੇ ਉਪਲਬਧ ਹੋਵੇਗਾ। ਇਸ ਸੇਵਾ ਲਈ 237 ਡਾਲਰ ਫੀਸ ਨਿਰਧਾਰਤ ਕੀਤੀ ਗਈ ਹੈ। ਇਹ ਸਰੀ ਪਬਲਿਕ ਵ੍ਹਾਰਫ਼ 11731 130 ਸਟਰੀਟ ’ਤੇ ਸਥਿਤ ਹੈ।