ਵਿੰਡਸਰ ਵਿੱਚ ਨਸ਼ਿਆਂ ਦੀ ਵੱਡੀ ਖੇਪ ਬਰਾਮਦ! 20 ਸਾਲਾ ਨੌਜਵਾਨ ਗ੍ਰਿਫ਼ਤਾਰ, $33 ਹਜ਼ਾਰ ਤੋਂ ਵੱਧ ਦੀ ਬਰਾਮਦਗੀ!

ਕੈਨੇਡਾ ਦੇ ਓਂਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਪੁਲਿਸ ਨੇ ਨਸ਼ਿਆਂ ਦੀ ਵਿਕਰੀ ਦੇ ਇੱਕ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇੱਕ ਘਰ ਵਿੱਚ ਛਾਪੇਮਾਰੀ ਦੌਰਾਨ ਵੱਖ-ਵੱਖ ਕਿਸਮ ਦੇ ਨਸ਼ੀਲੇ ਪਦਾਰਥਾਂ, ਨਕਦੀ ਅਤੇ ਨਸ਼ਿਆਂ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਸਾਮਾਨ ਸਮੇਤ 33 ਹਜ਼ਾਰ ਡਾਲਰ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ ਹੈ।


ਵਿੰਡਸਰ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਜਾਂਚ ਡਰੱਗਜ਼ ਅਤੇ ਗਨਜ਼ ਇਨਫੋਰਸਮੈਂਟ ਯੂਨਿਟ ਵੱਲੋਂ ਕੀਤੀ ਜਾ ਰਹੀ ਸੀ। ਪੁਲਿਸ ਦੀ ਐਮਰਜੈਂਸੀ ਸਰਵਿਸਿਜ਼ ਯੂਨਿਟ ਅਤੇ ਡਰੱਗਜ਼ ਐਂਡ ਗਨਜ਼ ਟੀਮ ਨੇ ਮੰਗਲਵਾਰ ਨੂੰ ਇੱਕ 20 ਸਾਲਾ ਸ਼ੱਕੀ ਨੌਜਵਾਨ ਨੂੰ ਬਿਨਾਂ ਕਿਸੇ ਵਿਰੋਧ ਦੇ ਗ੍ਰਿਫ਼ਤਾਰ ਕਰ ਲਿਆ।


ਇਸ ਤੋਂ ਬਾਅਦ ਪੁਲਿਸ ਨੇ ਐਸੈਕਸ ਵੇਅ ਨੇੜੇ ਮੀਡੋਬਰੁੱਕ ਲੇਨ ਸਥਿਤ ਇੱਕ ਘਰ ਦੀ ਤਲਾਸ਼ੀ ਲਈ।


ਤਲਾਸ਼ੀ ਦੌਰਾਨ ਪੁਲਿਸ ਨੂੰ 81.5 ਗ੍ਰਾਮ ਕ੍ਰਿਸਟਲ ਮੈਥ, 23.9 ਗ੍ਰਾਮ ਕ੍ਰੈਕ ਕੋਕੀਨ, 15.2 ਗ੍ਰਾਮ ਫੈਂਟਾਨਿਲ ਅਤੇ 26 ਗ੍ਰਾਮ ਕੋਕੀਨ ਬਰਾਮਦ ਹੋਈ।


ਇਸ ਤੋਂ ਇਲਾਵਾ 417.6 ਗ੍ਰਾਮ ਕੈਨਾਬਿਸ ਅਤੇ ਹਾਈਡ੍ਰੋਮੋਰਫੋਨ, ਆਕਸੀਕੋਡੋਨ ਅਤੇ ਕਲੋਨਾਜ਼ੇਪਾਮ ਵਰਗੀਆਂ ਦਵਾਈਆਂ ਦੀਆਂ ਗੋਲੀਆਂ ਵੀ ਮਿਲੀਆਂ।


ਪੁਲਿਸ ਨੇ ਨਸ਼ਿਆਂ ਦੀ ਪੈਕਿੰਗ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਤੋਲਣ ਵਾਲੀਆਂ ਮਸ਼ੀਨਾਂ, ਮੋਬਾਈਲ ਫੋਨ ਅਤੇ ਲਗਭਗ 100 ਕੈਨਾਬਿਸ ਵੇਪ ਪੈਨ ਵੀ ਜ਼ਬਤ ਕੀਤੇ ਹਨ।


ਇਸ ਕਾਰਵਾਈ ਵਿੱਚ 11 ਹਜ਼ਾਰ 780 ਡਾਲਰ ਕੈਨੇਡੀਅਨ ਨਕਦੀ ਅਤੇ 100 ਅਮਰੀਕੀ ਡਾਲਰ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਕੀਮਤ 21 ਹਜ਼ਾਰ 780 ਡਾਲਰ ਦੱਸੀ ਗਈ ਹੈ। 20 ਸਾਲਾ ਮੁਲਜ਼ਮ ਖ਼ਿਲਾਫ਼ ਨਸ਼ਿਆਂ ਦੀ ਵਿਕਰੀ ਦੇ ਇਰਾਦੇ ਨਾਲ ਰੱਖਣ ਅਤੇ ਅਪਰਾਧ ਰਾਹੀਂ ਹਾਸਲ ਕੀਤੀ ਪੰਜ ਹਜ਼ਾਰ ਡਾਲਰ ਤੋਂ ਵੱਧ ਦੀ ਜਾਇਦਾਦ ਰੱਖਣ ਸਮੇਤ ਕਈ ਦੋਸ਼ ਲਗਾਏ ਗਏ ਹਨ।ਫਿਲਹਾਲ ਇਹ ਮਾਮਲਾ ਅਦਾਲਤੀ ਕਾਰਵਾਈ ਅਧੀਨ ਹੈ ਅਤੇ ਮੁਲਜ਼ਮ ਉੱਤੇ ਲੱਗੇ ਦੋਸ਼ ਅਜੇ ਸਾਬਤ ਨਹੀਂ ਹੋਏ।

ਇਸ ਲੇਖ ਨੂੰ ਸਾਂਝਾ ਕਰੋ: