ਅਮਰੀਕਾ ਦੇ ਪੋਸਟ ਆਫਿਸ ਅੰਦਰ ਮਹਿਲਾ ਮੁਲਾਜ਼ਮ ਨੇ ਚਲਾਈਆਂ ਗੋਲੀਆਂ, ਤਿੰਨ ਜ਼ਖ਼ਮੀ!

ਅਮਰੀਕਾ ਦੇ ਆਇਓਵਾ ਸੂਬੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੋਸਟ ਆਫਿਸ ਅੰਦਰ ਹੀ ਮਹਿਲਾ ਮੁਲਾਜ਼ਮ ਨੇ ਆਪਣੇ ਸਾਥੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਪੋਸਟ ਆਫਿਸ ਵਿੱਚ ਭਾਜੜ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।


ਜਾਣਕਾਰੀ ਮੁਤਾਬਕ ਇਹ ਘਟਨਾ ਡੈਸ ਮੋਇਨਜ਼ ਸ਼ਹਿਰ ਦੇ ਮੁੱਖ ਪੋਸਟ ਆਫਿਸ ਵਿੱਚ ਵੀਰਵਾਰ ਸਵੇਰੇ ਵਾਪਰੀ। 39 ਸਾਲਾ ਜੈਨੀਫਰ ਕ੍ਰਿਸਟੀਨ ਪਲੈਡਜਰ ਨਾਮ ਦੀ ਮਹਿਲਾ ਮੁਲਾਜ਼ਮ ਨੇ ਕਥਿਤ ਤੌਰ 'ਤੇ ਆਪਣੇ ਦੋ ਮਹਿਲਾ ਸਾਥੀਆਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਇੱਕ ਹੋਰ ਪੁਰਸ਼ ਮੁਲਾਜ਼ਮ ਵੀ ਜਾਨ ਬਚਾਉਣ ਲਈ ਭੱਜਦਿਆਂ ਜ਼ਖ਼ਮੀ ਹੋ ਗਿਆ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਮੁਤਾਬਕ ਗੋਲੀਬਾਰੀ ਸਬੰਧੀ ਸਵੇਰੇ ਲਗਭਗ 9 ਵੱਜ ਕੇ 10 ਮਿੰਟ 'ਤੇ ਕਾਲ ਮਿਲੀ ਅਤੇ ਕੁਝ ਹੀ ਮਿੰਟਾਂ ਵਿੱਚ ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਨੇੜਲੇ ਸਾਈਕਲ ਟਰੈਕ ਤੋਂ ਕਾਬੂ ਕਰ ਲਿਆ।


ਤਿੰਨਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਦੱਸੀਆਂ ਗਈਆਂ।


ਮਹਿਲਾ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ ਲਗਾਏ ਗਏ ਹਨ। ਹਾਲਾਂਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਰ ਇੱਕ ਮੁਲਾਜ਼ਮ ਨੇ ਆਪਣੇ ਹੀ ਸਾਥੀਆਂ ਉੱਤੇ ਗੋਲੀਆਂ ਕਿਉਂ ਚਲਾਈਆਂ? ਇਸ ਸਬੰਧੀ ਜਾਂਚ ਜਾਰੀ ਹੈ।

ਇਸ ਲੇਖ ਨੂੰ ਸਾਂਝਾ ਕਰੋ: