ਵਿਨੀਪੈਗ ਵਿੱਚ ਨਸ਼ਿਆਂ ਖ਼ਿਲਾਫ਼ ਵੱਡਾ ਆਪਰੇਸ਼ਨ! 423 ਗ੍ਰਿਫ਼ਤਾਰੀਆਂ, ਲੱਖਾਂ ਡਾਲਰ ਦੇ ਨਸ਼ੇ ਬਰਾਮਦ!
ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ ਵਿੱਚ ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਸ ਮੁਹਿੰਮ ਦੌਰਾਨ ਪੁਲਿਸ ਨੇ 423 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਵੱਡੀ ਮਾਤਰਾ ਵਿੱਚ ਫੈਂਟਾਨਿਲ, ਕੋਕੀਨ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਵਿਨੀਪੈਗ ਪੁਲਿਸ ਵੱਲੋਂ ਇਸ ਮੁਹਿੰਮ ਨੂੰ ਪ੍ਰੋਜੈਕਟ ਰੀਵਾਈਵ ਦਾ ਨਾਂ ਦਿੱਤਾ ਗਿਆ ਸੀ। ਇਹ ਕਾਰਵਾਈ 15 ਮਈ ਤੋਂ 30 ਸਤੰਬਰ 2026 ਤੱਕ ਵਿਲੀਅਮ ਵ੍ਹਾਈਟ ਅਤੇ ਪੌਇੰਟ ਡਗਲਸ ਇਲਾਕਿਆਂ ਵਿੱਚ ਚਲਾਈ ਗਈ।
ਪੁਲਿਸ ਵੱਲੋਂ 5 ਨਵੰਬਰ ਨੂੰ ਜਾਰੀ ਕੀਤੀ ਜਾਣਕਾਰੀ ਮੁਤਾਬਕ ਇਸ ਦੌਰਾਨ 423 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 202 ਗ੍ਰਿਫ਼ਤਾਰੀਆਂ ਪੁਰਾਣੇ ਵਾਰੰਟਾਂ ਦੇ ਆਧਾਰ 'ਤੇ ਹੋਈਆਂ।
ਇਸ ਮੁਹਿੰਮ ਦੌਰਾਨ ਅੱਠ ਸਰਚ ਵਾਰੰਟਾਂ ਤਹਿਤ ਘਰਾਂ ਅਤੇ ਹੋਰ ਥਾਵਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਚਾਰ ਹੈਂਡਗੰਨ, ਦਸ ਸ਼ਾਟਗੰਨ ਅਤੇ ਰਾਈਫਲਾਂ, ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ, ਦੋ ਬੁਲੇਟਪਰੂਫ ਜੈਕਟਾਂ, ਇੱਕ ਟੇਜ਼ਰ ਅਤੇ ਅੱਠ ਚਾਕੂ ਵਰਗੇ ਹਥਿਆਰ ਬਰਾਮਦ ਕੀਤੇ ਗਏ।
ਇਸ ਤੋਂ ਇਲਾਵਾ 13 ਨਕਲੀ ਹਥਿਆਰ ਵੀ ਜ਼ਬਤ ਕੀਤੇ ਗਏ।
ਸਭ ਤੋਂ ਵੱਡੀ ਬਰਾਮਦਗੀ ਨਸ਼ਿਆਂ ਦੀ ਰਹੀ। ਪੁਲਿਸ ਨੇ ਲਗਭਗ ਇੱਕ ਕਿਲੋਗ੍ਰਾਮ ਫੈਂਟਾਨਿਲ ਅਤੇ ਇੱਕ ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ। ਪੁਲਿਸ ਮੁਤਾਬਕ ਫੈਂਟਾਨਿਲ ਦੀ ਅੰਦਾਜ਼ਨ ਸੜਕੀ ਕੀਮਤ ਡੇਢ ਲੱਖ ਡਾਲਰ ਅਤੇ ਕੋਕੀਨ ਦੀ ਕੀਮਤ ਇੱਕ ਲੱਖ ਡਾਲਰ ਸੀ।
ਇਸ ਮੁਹਿੰਮ ਦੌਰਾਨ ਪੁਲਿਸ ਨੇ ਕਥਿਤ ਚੋਰੀਆਂ ਦੇ ਇੱਕ ਨੈੱਟਵਰਕ ਨੂੰ ਵੀ ਤੋੜਿਆ, ਜਿਸ ਵਿੱਚੋਂ ਲਗਭਗ 45 ਹਜ਼ਾਰ ਡਾਲਰ ਦੀ ਨਕਦੀ ਅਤੇ ਛੇ ਈ-ਬਾਈਕ ਬਰਾਮਦ ਕੀਤੀਆਂ ਗਈਆਂ।
ਪੁਲਿਸ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਸਿਰਫ਼ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਨਹੀਂ, ਸਗੋਂ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸਹਾਇਤਾ ਦੇਣਾ ਵੀ ਸੀ। ਇਸੇ ਤਹਿਤ 45 ਲੋਕਾਂ ਨੂੰ ਸਿੱਧੇ ਤੌਰ 'ਤੇ ਸਮਾਜਿਕ ਸੇਵਾਵਾਂ ਨਾਲ ਜੋੜਿਆ ਗਿਆ।
ਵਿਨੀਪੈਗ ਵਿੱਚ ਨਸ਼ਿਆਂ ਦੀ ਸਮੱਸਿਆ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ।