ਸਰੀ 'ਚ ਕਤਲ ਕੀਤੇ ਨੌਜਵਾਨ ਦੀ ਪਹਿਚਾਣ ਪੰਜਾਬੀ ਨੌਜਵਾਨ ਵਜੋਂ ਹੋਈ
ਸਰੀ, ਬੀ.ਸੀ. ਵਿੱਚ ਪਿਛਲੇ ਹਫ਼ਤੇ ਹੋਈ ਦੇਰ-ਰਾਤ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਪੁਲਿਸ ਨੇ ਕਰ ਲਈ ਹੈ ਤਾਂ ਜੋ ਜਾਂਚ ਅੱਗੇ ਵਧ ਸਕੇ।
ਹਾਮੀਸਾਈਡ ਇਨਵੈਸਟੀਗੇਟਰਾਂ ਮੁਤਾਬਕ, ਮਾਰੇ ਗਏ 26 ਸਾਲਾ ਜਸਕਰਨ ਬਿਰੀੰਗ, ਜੋ ਚਿਲੀਵੈਕ ਦਾ ਰਹਿਣ ਵਾਲਾ ਸੀ, ਪਹਿਲਾਂ ਵੀ ਪੁਲਿਸ ਨਾਲ ਸੰਪਰਕ ਵਿੱਚ ਰਹਿ ਚੁੱਕਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਨਸ਼ੇ ਨਾਲ ਸੰਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਸੀ।ਪੁਲਿਸ ਕਹਿੰਦੀ ਹੈ ਕਿ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਬਿਰੀੰਗ ਗੰਭੀਰ ਹਾਲਤ ਵਿਚ ਸੀ ਅਤੇ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਅਨੁਸਾਰ, ਇਹ ਗੋਲੀਬਾਰੀ ਟਾਰਗਟਡ ਸੀ ਅਤੇ ਸੰਗਠਿਤ ਅਪਰਾਧ ਨਾਲ ਜੁੜੀ ਹੋਈ ਲੱਗਦੀ ਹੈ।
ਘਟਨਾ ਤੋਂ ਲਗਭਗ 15 ਮਿੰਟ ਬਾਅਦ ਨੇੜੇ ਹੀ ਇੱਕ Dodge Ram ਪਿਕਅਪ ਟਰੱਕ ਸੜਦਾ ਹੋਇਆ ਮਿਲਿਆ, ਜਿਸਨੂੰ ਜਾਂਚ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਹੁਣ ਇਨਵੈਸਟੀਗੇਟਰ ਲੋਕਾਂ ਤੋਂ ਅਪੀਲ ਕਰ ਰਹੇ ਹਨ ਕਿ ਜੇ ਕਿਸੇ ਨੇ ਕੁਝ ਵੇਖਿਆ ਹੈ ਜਾਂ 136 ਸਟ੍ਰੀਟ ਅਤੇ 115 ਐਵੇਨਿਊ ਨੇੜੇ ਉਸ ਸੜੇ ਟਰੱਕ ਵਾਲੀ ਜਗ੍ਹਾ ਦਾ ਕੋਈ ਵੀਡੀਓ ਮਿਲ ਸਕਦੀ ਹੈ, ਤਾਂ ਉਹ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰੇ। ਦੱਸ ਦਈਏ ਕਿ ਇਹ ਗੋਲੀਬਾਰੀ 2025 ਵਿੱਚ ਸਰੀ ਵਿੱਚ ਹੋਇਆ ਛੇਵਾਂ ਕਤਲ ਹੈ।