ਕੈਨੇਡਾ ਵਿੱਚ ਸਾਲ 2026 ਵਿੱਚ ਖਰਚੇ ਵਧਣ ਦੀਆਂ ਸੰਭਾਵਨਾਵਾਂ
ਕੈਨੇਡਾ ਵਿੱਚ 2026 ਵਿੱਚ ਖਾਣ-ਪੀਣ ਦੇ ਖਰਚੇ ਵਧਣ ਦੀ ਸੰਭਾਵਨਾ ਹੈ, ਇਹ ਨਤੀਜਾ Dalhousie University ਦੇ ਤਿਆਰ ਕੀਤੇ 2026 ਫੂਡ ਪ੍ਰਾਈਸ ਰਿਪੋਰਟ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਕੈਨੇਡਾ ਦੇ ਹੋਰ ਯੂਨੀਵਰਸਿਟੀਆਂ ਨਾਲ ਮਿਲ ਕੇ ਬਣਾਇਆ ਗਿਆ ਹੈ। ਰਿਪੋਰਟ ਦੇ ਮੁੱਖ ਲੇਖਕ, ਫੂਡ ਰਿਸਰਚਰ Dr. Sylvain Charlebois ਨੇ ਕਿਹਾ ਕਿ ਅਗਲੇ ਸਾਲ ਖਾਣ-ਪੀਣ ਦੀਆਂ ਕੀਮਤਾਂ 4 ਤੋਂ 6 ਫੀਸਦੀ ਤੱਕ ਵਧ ਸਕਦੀਆਂ ਹਨ, ਜਿਸਦਾ ਮਤਲਬ ਇਹ ਹੈ ਕਿ ਇੱਕ ਆਮ ਚਾਰ ਮੈਂਬਰਾਂ ਵਾਲੇ ਪਰਿਵਾਰ ਦਾ ਸਾਲਾਨਾ ਖਾਣ-ਪੀਣ ਬਿਲ 994 ਡਾਲਰ ਵਧ ਸਕਦਾ ਹੈ। ਪਿਛਲੇ ਪੰਜ ਸਾਲਾਂ ਵਿੱਚ ਖਾਣ-ਪੀਣ ਦੀਆਂ ਕੀਮਤਾਂ ਵਿੱਚ ਕੁੱਲ 27 ਫੀਸਦੀ ਵਾਧਾ ਹੋ ਚੁੱਕਾ ਹੈ।
ਖਾਣ-ਪੀਣ ਦੀਆਂ ਕੀਮਤਾਂ ਵਧਣ ਦੇ ਮੁੱਖ ਕਾਰਨਾਂ ਵਿੱਚ ਅਮਰੀਕਾ ਨਾਲ ਚੱਲ ਰਹੀ ਵਪਾਰਿਕ ਤਣਾਅ, ਫੂਡ ਮੈਨੂਫੈਕਚਰਿੰਗ ਅਤੇ ਰੀਟੇਲ ਮਾਹੌਲ ਵਿੱਚ ਬਦਲਾਅ, ਲੇਬਰ ਮਾਰਕੀਟ, ਨੀਤੀ ਬਦਲਾਅ, ਕੈਨੇਡੀਆ ਡਾਲਰ ਦੇ ਹਾਲਾਤ ਅਤੇ ਮੌਸਮੀ ਬਦਲਾਅ ਸ਼ਾਮਲ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੈਰੀਫ਼ ਅਤੇ ਕਾਊਂਟਰ-ਟੈਰੀਫ਼ ਦੇ ਪ੍ਰਭਾਵਾਂ ਨਾਲ ਮਹਿੰਗਾਈ ਅਗਲੇ ਸਾਲ ਵੀ ਮਹਿਸੂਸ ਹੋਵੇਗੀ, ਪਰ ਕੈਨੇਡਾ ਵੱਖ-ਵੱਖ ਅੰਤਰਰਾਸ਼ਟਰੀ ਵਪਾਰਿਕ ਸਾਂਝਿਆਂ ਨੂੰ ਮਜ਼ਬੂਤ ਕਰ ਰਿਹਾ ਹੈ, ਜਿਸ ਨਾਲ ਕੁਝ ਦਬਾਅ ਘਟ ਸਕਦੇ ਹਨ।
ਸਭ ਤੋਂ ਜ਼ਿਆਦਾ ਕੀਮਤ ਵਧਣ ਵਾਲੇ ਆਈਟਮਾਂ ਵਿੱਚ ਬੀਫ਼ ਸਿਖਰ ‘ਤੇ ਹੈ। ਚਾਰਲਬੋਇਸ ਦੇ ਅਨੁਸਾਰ, ਬੀਫ਼ ਦੀ ਮਹਿੰਗਾਈ ਦਾ ਮੁੱਖ ਕਾਰਨ ਮੌਸਮੀ ਬਦਲਾਅ ਹੈ, ਜਿਸ ਕਾਰਨ ਪਸ਼ੂਆਂ ਦੀ ਖੁਰਾਕ ਮਹਿੰਗੀ ਹੋ ਗਈ ਹੈ। ਜਿਸ ਨਾਲ ਕੈਨੇਡਾ ਅਤੇ ਅਮਰੀਕਾ ਵਿੱਚ ਬੀਫ਼ ਦੀ ਘਾਟ ਹੈ, ਅਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ IMPORT ਵੱਧ ਰਹੀ ਹੈ। ਚਿਕਨ ਦੀਆਂ ਕੀਮਤਾਂ ਵੀ ਉਤਪਾਦਨ ਘਟਣ ਅਤੇ BIRD ਫਲੂ ਦੇ ਪ੍ਰਭਾਵ ਨਾਲ ਵਧਣ ਦੀ ਸੰਭਾਵਨਾ ਹੈ। ਕੌਫ਼ੀ ਦੀਆਂ ਕੀਮਤਾਂ ਵੀ ਵਧਣਗੀਆਂ, ਜਿਸਦਾ ਕਾਰਨ ਅਰਾਬਿਕਾ ਬੀਨਜ਼ ਦੀ ਉਪਜ ‘ਤੇ ਮੌਸਮੀ ਬਦਲਾਅ ਹੈ।
ਕੁਝ ਆਈਟਮਾਂ ਵਿੱਚ ਕੀਮਤਾਂ ਸਥਿਰ ਰਹਿਣ ਜਾਂ ਘਟਣ ਦੀ ਸੰਭਾਵਨਾ ਹੈ, ਜਿਵੇਂ ਕਿ ਫਲ ਅਤੇ ਸਬਜ਼ੀਆਂ, ਫ੍ਰੀਜ਼ਰ ਵਿੱਚ ਮਿਲਣ ਵਾਲੀ ਫੂਡ, ਡੇਅਰੀ ਅਤੇ ਬੇਕਰੀ ਸਮਾਨ। ਦੂਜੇ ਪਾਸੇ, ਰੈਸਟੋਰੈਂਟ ਸੈਕਟਰ ਨੂੰ ਘੱਟ ਲੋਕਾਂ ਦੇ ਜਾਣ ਅਤੇ ਸ਼ਰਾਬ ਦੀ ਖਪਤ ਘਟਣ ਕਾਰਨ ਮੁਸ਼ਕਲਾਂ ਆ ਰਹੀਆਂ ਹਨ, ਜਿਸ ਕਰਕੇ MENU ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।