ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟ ਭਾਰਤੀ ਜਲ ਫੌਜ ‘ਚ ਬਣੇ ਅਫ਼ਸਰ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ (9ਵਾਂ ਕੋਰਸ) ਅਤੇ ਵਿਸ਼ੇਸ਼ ਸੂਦ (10ਵਾਂ ਕੋਰਸ) ਨੂੰ ਅੱਜ ਕੇਰਲਾ ਦੇ ਏਝੀਮਾਲਾ ‘ਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ (ਪੀਓਪੀ) ‘ਚ ਭਾਰਤੀ ਜਲ ਫੌਜ ‘ਚ ਬਤੌਰ ਅਫ਼ਸਰ ਕਮਿਸ਼ਨ ਮਿਲਿਆ ਹੈ। ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ, ਏ.ਵੀ.ਐਸ.ਐਮ, ਐਨ.ਐਮ, ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵੱਲੋਂ ਕੀਤਾ।

ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਅਤੇ ਐਸਏਐਸ ਨਗਰ (ਮੋਹਾਲੀ) ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ ‘ਚ ਦੋ ਸਾਲ ਦੀ ਸਿਖਲਾਈ ਪੂਰੀ ਕਰਨ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ‘ਚ ਤਿੰਨ ਸਾਲ ਅਤੇ ਆਈਐਨਏ ‘ਚ ਇੱਕ ਸਾਲ ਦੀ ਸੇਵਾ-ਵਿਸ਼ੇਸ਼ ਸਿਖਲਾਈ ਪੂਰੀ ਕੀਤੀ। ਹੁਣ, ਉਹ ਛੇਤੀ ਭਾਰਤੀ ਜਲ ਫੌਜ ‘ਚ ਡਿਊਟੀਆਂ ਨਿਭਾਉਣਗੇ।

ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਹਥਿਆਰਬੰਦ ਫੌਜ ‘ਚ ਸ਼ਾਮਲ ਹੋਣ ਦੇ ਚਾਹਵਾਨ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧ ਹੈ। ਇਨ੍ਹਾਂ ਅਧਿਕਾਰੀਆਂ ਨੇ ਪੰਜਾਬ ਨੂੰ ਮਾਣ ਵਧਾਇਆ ਹੈ। ਇਨ੍ਹਾਂ ਕੈਡਿਟਾਂ ਦੇ ਕਮਿਸ਼ਨਡ ਅਫਸਰ ਬਣਨ ਨਾਲ ਭਾਰਤੀ ਜਲ ਫੌਜ ‘ਚ ਕਮਿਸ਼ਨ ਹਾਸਲ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਦੀ ਗਿਣਤੀ 24 ਹੋ ਗਈ ਹੈ, ਜੋ ਕਿ ਸੰਸਥਾ ਲਈ ਇੱਕ ਨਵਾਂ ਮੀਲ ਪੱਥਰ ਹੈ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕਿਹਾ ਕਿ ਇਹਨਾਂ ਕੈਡਿਟਾਂ ਤੋਂ ਇਲਾਵਾ, ਸਾਡੀ ਸੰਸਥਾ ਦੇ 24 ਹੋਰ ਕੈਡਿਟਾਂ ਨੇ ਆਪਣੇ ਐਸਐਸਬੀ ਇੰਟਰਵਿਊ ਪਾਸ ਕਰ ਲਏ ਹਨ ਅਤੇ ਜੂਨ 2026 ਤੋਂ ਵੱਖ-ਵੱਖ ਸਿਖਲਾਈ ਅਕੈਡਮੀਆਂ ‘ਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਨਵ-ਨਿਯੁਕਤ ਅਫਸਰਾਂ ਦੇ ਰਾਸ਼ਟਰ ਦੀ ਸੇਵਾ ਵਿੱਚ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਇਸ ਲੇਖ ਨੂੰ ਸਾਂਝਾ ਕਰੋ: