ਬੀ. ਸੀ 'ਚ ਵਿਰੋਧੀ ਧਿਰ ਦੇ ਆਗੂ ਦੀਆਂ ਮੁਸ਼ਕਲਾਂ 'ਚ ਵਾਧਾ
ਬੀ.ਸੀ. ਕਨਜ਼ਰਵੇਟਿਵ ਲੀਡਰ ਜੌਨ ਰਸਟੈਡ ਦੇ ਨੇਤ੍ਰਿਤਵ ‘ਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ, ਕਿਉਂਕਿ ਪਾਰਟੀ ਦੇ 20 MLA, ਜੋ 39 ਮੈਂਬਰਾਂ ਦੀ ਕੌਕਸ ਦਾ ਬਹੁਮਤ ਹਨ, ਓਹਨਾ ਨੇ ਕਿਹਾ ਹੈ ਕਿ ਹੁਣ ਉਹਨਾਂ ਨੂੰ ਰਸਟੈਡ ‘ਤੇ ਭਰੋਸਾ ਨਹੀਂ ਅਤੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ।
ਪਾਰਟੀ ਪ੍ਰਧਾਨ ਆਈਸ਼ਾ ਐਸਟੇ ਨੂੰ ਭੇਜੀ ਇੱਕ ਚਿੱਠੀ ਵਿੱਚ ਵਕੀਲ ਬਰੂਸ ਹੈਲਸਰ ਨੇ ਦੱਸਿਆ ਕਿ ਇਹ 20 ਮੈਂਬਰਾਂ ਨੇ ਲਿਖਤੀ ਤੌਰ ‘ਤੇ ਆਪਣਾ ਸਮਰਥਨ ਵਾਪਸ ਲੈ ਲਿਆ ਹੈ, ਪਰ ਇਸ ਵੇਲੇ ਉਨ੍ਹਾਂ ਦੀਆਂ ਪਹਚਾਣਾਂ ਗੁਪਤ ਰੱਖੀਆਂ ਜਾ ਰਹੀਆਂ ਹਨ।
ਇਹ ਬਗਾਵਤ ਉਸ ਤੋਂ ਬਾਅਦ ਸਾਹਮਣੇ ਆਈ ਹੈ ਜਦੋਂ ਪਾਰਟੀ ਦੇ ਬੋਰਡ ਅਤੇ ਰਾਈਡਿੰਗ ਇਕਜ਼ੈਕਟਿਵਾਂ ਨੇ ਵੀ ਰਸਟੈਡ ਨੂੰ ਹਟਣ ਲਈ ਕਿਹਾ ਸੀ। ਪਾਰਟੀ ਪ੍ਰਧਾਨ ਐਸਟੇ ਅਤੇ ਕਮੇਟੀ ਦੇ ਹੋਰ ਛੇ ਮੈਂਬਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਸਟੈਡ ਦੇ ਨੇਤ੍ਰਿਤਵ ਹੇਠ ਪਾਰਟੀ ਦੀ ਛਵੀ ਨੂੰ ਨੁਕਸਾਨ ਹੋਇਆ ਹੈ।
ਦੂਜੇ ਪਾਸੇ, ਰਸਟੈਡ ਹਟਣ ਤੋਂ ਇਨਕਾਰ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਤੰਬਰ ਦੀ ਲੀਡਰਸ਼ਿਪ ਰਿਵਿਊ ਵਿੱਚ ਉਨ੍ਹਾਂ ਨੂੰ 70.6% ਸਮਰਥਨ ਮਿਲਿਆ ਸੀ ਅਤੇ ਪਾਰਟੀ ਦੇ ਨਿਯਮ ਮੁਤਾਬਕ ਲੀਡਰ ਨੂੰ ਸਿਰਫ਼ ਰੇਜ਼ਾਈਨ, ਮੌਤ, ਅਯੋਗਤਾ ਜਾਂ ਲੀਡਰਸ਼ਿਪ ਰਿਵਿਊ ਰਾਹੀਂ ਹੀ ਹਟਾਇਆ ਜਾ ਸਕਦਾ ਹੈ।