ਈਰਾਨ ਤੋਂ ਆਈ ਚਿੰਤਾ ਭਰੀ ਖਬਰ, ਹਿੰਸਕ ਪ੍ਰਦਰਸ਼ਨਾਂ 'ਚ 2500 ਤੋਂ ਵੱਧ ਮੌਤਾਂ
ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹਿੰਸਾ ਲਗਾਤਾਰ ਵਧਦੀ ਜਾ ਰਹੀ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਦੇ ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ ਵਿਆਪੀ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 2,572 ਤੱਕ ਪਹੁੰਚ ਗਈ ਹੈ। ਇਹ ਅੰਕੜਾ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਦੇਸ਼ ਵਿੱਚ ਹੋਈ ਕਿਸੇ ਵੀ ਅਸ਼ਾਂਤੀ ਦੌਰਾਨ ਹੋਈਆਂ ਮੌਤਾਂ ਨਾਲੋਂ ਕਿਤੇ ਜ਼ਿਆਦਾ ਹੈ।ਈਰਾਨ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਾਮਹੁਸੈਨ ਮੋਹਸੇਨੀ-ਏਜੇਈ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਰੁਖ ਅਖਤਿਆਰ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ 'ਤੇ ਤੁਰੰਤ ਮੁਕੱਦਮੇ ਚਲਾਏ ਜਾਣਗੇ ਅਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਏਜੇਈ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਹੁਣੇ ਅਤੇ ਜਲਦੀ ਕਰਨੀ ਪਵੇਗੀ, ਕਿਉਂਕਿ ਦੋ-ਤਿੰਨ ਮਹੀਨਿਆਂ ਦੀ ਦੇਰੀ ਨਾਲ ਕਾਰਵਾਈ ਦਾ ਪ੍ਰਭਾਵ ਖਤਮ ਹੋ ਜਾਵੇਗਾ।ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤਾਂ ਉਹ "ਬਹੁਤ ਸਖ਼ਤ ਕਾਰਵਾਈ" ਕਰਨਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਈਰਾਨੀ ਨੇਤਾਵਾਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਖਤਮ ਕਰ ਰਹੇ ਹਨ।ਈਰਾਨ ਵਿੱਚ ਬਣੇ ਅਸ਼ਾਂਤੀ ਦੇ ਮਾਹੌਲ ਕਾਰਨ ਉੱਥੇ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਛੱਡ ਕੇ ਵਾਪਸ ਜਾ ਰਹੇ ਹਨ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ, ਲਗਭਗ 60 ਪਾਕਿਸਤਾਨੀ ਵਿਦਿਆਰਥੀ ਬਲੋਚਿਸਤਾਨ ਦੇ ਰਸਤੇ ਆਪਣੇ ਘਰ ਪਰਤ ਆਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਦਿਆਰਥੀਆਂ ਦੇ ਪਰਤਣ ਦੀ ਉਮੀਦ ਹੈ। ਈਰਾਨੀ ਯੂਨੀਵਰਸਿਟੀਆਂ ਨੇ ਹਾਲਾਤ ਦੇ ਮੱਦੇਨਜ਼ਰ ਪ੍ਰੀਖਿਆਵਾਂ ਦਾ ਸਮਾਂ ਬਦਲ ਦਿੱਤਾ ਹੈ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ।