ਕੈਨੇਡਾ ਵੱਲੋਂ ਯੂਕਰੇਨ ਲਈ ਭਾਰੀ ਮਦਦ ਦਾ ਮੁੜ ਐਲਾਨ
ਕੈਨੇਡਾ ਸਰਕਾਰ ਨੇ ਯੂਕਰੇਨ ਲਈ ਹੋਰ 235 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ। ਇਹ ਐਲਾਨ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕੀਤਾ।
ਮੈਕਗਿੰਟੀ ਨੇ ਕਿਹਾ ਕਿ ਕੈਨੇਡਾ, ਨਾਟੋ ਸਹਿਯੋਗੀਆਂ ਨਾਲ ਮਿਲ ਕੇ, ਅਮਰੀਕਾ ਤੋਂ ਲੱਗਭਗ 500 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਦਾ ਜ਼ਰੂਰੀ ਫੌਜੀ ਸਾਮਾਨ ਖਰੀਦਣ ਵਿੱਚ ਹਿੱਸਾ ਪਾਏਗਾ ਜਿਸ ਵਿੱਚੋਂ 200 ਮਿਲੀਅਨ ਡਾਲਰ ਕੈਨੇਡਾ ਦੇ ਹੋਣਗੇ। ਨਾਟੋ ਦੇ ਵਿਦੇਸ਼ ਮੰਤਰੀਆਂ ਦੀ ਹੋਈ ਮੀਟਿੰਗ ਦੌਰਾਨ, ਅਨੀਤਾ ਆਨੰਦ ਨੇ ਯੂਕਰੇਨ ਲਈ ਨਾਟੋ ਦੇ ਖਾਸ ਸਹਾਇਤਾ ਪੈਕੇਜ ਲਈ 35 ਮਿਲੀਅਨ ਡਾਲਰ ਦੀ ਹੋਰ ਫੰਡਿੰਗ ਦਾ ਐਲਾਨ ਕੀਤਾ।
ਇਸ ਫੰਡ ਨਾਲ ਨਾਟੋ, ਯੂਕਰੇਨ ਨੂੰ ਮੈਡੀਕਲ ਸਪਲਾਈ, ਸੁਰੱਖਿਆ ਸਾਮਾਨ, ਕਮਿਊਨਿਕੇਸ਼ਨ ਟੂਲ, ਟ੍ਰੇਨਿੰਗ, ਲਾਜਿਸਟਿਕ ਸਹਾਇਤਾ, ਅਤੇ ਯੂਕਰੇਨ ਦਾ ਨਾਟੋ ਨਾਲ ਬਹਿਤਰੀਨ ਕੰਮਕਾਜ਼ੀ ਤਾਲਮੇਲ ਬਣਾਉਣ ਲਈ ਹੋਰ ਮਦਦ ਦੇਵੇਗਾ।
ਇਸ ਨਾਲ ਯੂਕਰੇਨ ਦੀ ਕੁਝ ਜ਼ਰੂਰੀ ਫੌਜੀ ਇਮਾਰਤਾਂ ਮੁੜ ਤਿਆਰ ਕਰਨ ਵਿੱਚ ਵੀ ਸਹਾਇਤਾ ਮਿਲੇਗੀ।
ਗਲੋਬਲ ਅਫੇਅਰਜ਼ ਕੈਨੇਡਾ ਮੁਤਾਬਕ, 2022 ਤੋਂ ਹੁਣ ਤੱਕ ਕੈਨੇਡਾ ਯੂਕਰੇਨ ਲਈ ਲੱਗਭਗ 22 ਬਿਲੀਅਨ ਡਾਲਰ ਦੀ ਮਦਦ ਦਾ ਐਲਾਨ ਕਰ ਚੁੱਕਾ ਹੈ, ਜਿਸ ਵਿੱਚੋਂ 6.5 ਬਿਲੀਅਨ ਡਾਲਰ ਫੌਜੀ ਸਹਾਇਤਾ ਲਈ 2029 ਤੱਕ ਮੁਹੱਈਆ ਕਰਵਾਏ ਜਾਣਗੇ