ਡੈਲਟਾ ਦੇ ਮੇਅਰ ਹਾਰਵੀ ਨੇ ਆਪਣੀ ਹੀ ਸਲੇਟ ਵਿੱਚੋਂ ਚਾਰ ਕੌਂਸਲਰਾਂ ਨੂੰ ਦਿਖਾਇਆ ਬਾਹਰ ਦਾ ਰਸਤਾ
ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਆਪਣੇ ਹੀ ਪਾਰਟੀ ਸਲੇਟ ਵਿਚੋਂ ਚਾਰ ਕਾਂਸਲਰਾਂ ਨੂੰ ਬਾਹਰ ਕਰ ਦਿੱਤਾ ਹੈ।
ਬੁੱਧਵਾਰ ਸਵੇਰੇ, ਅਚੀਵਿੰਗ ਫ਼ੋਰ ਡੈਲਟਾ ਪਾਰਟੀ ਦੇ ਕਾਂਸਲਰ — Daniel Boisvert, Jennifer Johal, Rodney Binder, ਅਤੇ Dylan Kruger — ਨੂੰ ਇੱਕ ਚਿੱਠੀ ਰਾਹੀਂ ਇਹ ਸੂਚਨਾ ਦਿੱਤੀ ਗਈ ਕਿ ਉਹ ਹੁਣ ਪਾਰਟੀ ਦਾ ਹਿੱਸਾ ਨਹੀਂ ਹਨ, ਅਤੇ 2026 ਚੋਣਾਂ ਵਿੱਚ ਪਾਰਟੀ ਦੀ ਟਿਕਟ ‘ਤੇ ਨਹੀਂ ਲੜ ਸਕਣਗੇ।
ਕਾਊਂਸਲਰ ਡਿਲਨ ਕ੍ਰੂਗਰ ਨੇ ਕਿਹਾ ਕਿ ਇਹ ਖ਼ਬਰ ਚਿੱਠੀ ਰਾਹੀਂ ਮਿਲਣਾ ਬਹੁਤ ਨਿਰਾਸ਼ਾਜਨਕ ਹੈ ਅਤੇ ਕਿਹਾ,ਕਿ “ਮੇਅਰ ਨਾਲ ਅੱਠ ਸਾਲ ਕੰਮ ਕਰਨ ਤੋਂ ਬਾਅਦ ਵੀ, ਸਾਨੂੰ ਨਿੱਜੀ ਤੌਰ ‘ਤੇ ਦੱਸਣ ਦੀ ਬਜਾਏ ਚਿੱਠੀ ਭੇਜੀ ਗਈ। ਇਹ ਨਿਰਾਸ਼ਾਜਨਕ ਤਾਂ ਹੈ ਪਰ ਹੈਰਾਨੀ ਵਾਲੀ ਗੱਲ ਨਹੀਂ।”
ਚਿੱਠੀ ਵਿੱਚ ਸਾਫ਼ ਲਿਖਿਆ ਹੈ ਕਿ ਇਹ ਚਾਰ ਕਾਂਸਲਰ ਹੁਣ ਮੇਅਰ ਹਾਰਵੀ ਦੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਜੁੜੇ ਨਹੀਂ ਰਹੇ।
ਇਹ ਪਹਿਲੀ ਵਾਰ ਨਹੀਂ ਕਿ ਕਾਂਸਲਰਾਂ ਦੀ ਮੇਅਰ ਨਾਲ ਟੱਕਰ ਹੋਈ ਹੋਵੇ।
ਇਸ ਸਾਲ ਮਈ ਵਿੱਚ, ਡੈਲਟਾ ਸਿਟੀ ਕੌਂਸਲ ਨੇ ਵੋਟ ਕਰਕੇ ਮੇਅਰ ਹਾਰਵੀ ਨੂੰ ਮੇਟ੍ਰੋ ਵੈਂਕੂਵਰ ਰੀਜਨਲ ਡਿਸਟ੍ਰਿਕਟ ਦੇ ਪ੍ਰਤੀਨਿਧਿ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਵਿਦੇਸ਼ ਯਾਤਰਾਵਾਂ ‘ਤੇ ਮੇਅਰ ਦੇ ਖਰਚਿਆਂ ਨੂੰ ਲੈ ਕੇ ਸਵਾਲ ਉਠਣ ਲੱਗ ਪਏ ਸਨ।
ਕ੍ਰੂਗਰ ਕਹਿੰਦਾ ਹੈ,
“ਅਸੀਂ ਕੌਂਸਲ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ, ਅਤੇ ਕੁਝ ਫੈਸਲਿਆਂ ‘ਤੇ ਵਿਰੋਧ ਜ਼ਾਹਿਰ ਕਰ ਰਹੇ ਸੀ। ਪਰ ਅੱਜ ਆਈ ਚਿੱਠੀ ਦਿਖਾਉਂਦੀ ਹੈ ਕਿ ਮੇਅਰ ਮਿਲ ਬੈਠ ਕੇ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ।”