ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਚੌਥੀ ਵਾਰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਈਮੇਲ ਪੁਲਿਸ ਹੈੱਡਕੁਆਰਟਰ ਨੂੰ ਆਈ। ਦੱਸਿਆ ਜਾ ਰਿਹਾ ਹੈ ਕਿ ਪਿਛਲੀਆਂ ਤਿੰਨ ਈਮੇਲਾਂ ਹਾਈ ਕੋਰਟ ਦੇ ਰਜਿਸਟਰਾਰ ਦੇ ਅਧਿਕਾਰਤ ਈਮੇਲ ਪਤੇ ‘ਤੇ ਭੇਜੀਆਂ ਗਈਆਂ ਸਨ। ਸੁਰੱਖਿਆ ਏਜੰਸੀਆਂ ਹਾਈ ਕੋਰਟ ਦੀ ਜਾਂਚ ਕਰ ਰਹੀਆਂ ਹਨ।
ਦੂਜੇ ਪਾਸੇ ਚੰਡੀਗੜ੍ਹ ਦੇ ਸੈਕਟਰ-37 ‘ਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਸੰਬੰਧੀ ਨਵੇਂ ਖੁਲਾਸੇ ਸਾਹਮਣੇ ਆਏ ਹਨ। ਚਰਚਾ ਹੈ ਕਿ ਹਮਲੇ ‘ਚ ਇੱਕ GHD2P ਹੈਂਡ ਗ੍ਰਨੇਡ ਦੀ ਵਰਤੋਂ ਕੀਤੀ ਸੀ। ਇਹ ਗ੍ਰਨੇਡ ਕਥਿਤ ਤੌਰ ‘ਤੇ ਪਾਕਿਸਤਾਨ ‘ਚ ਬਣਿਆ ਹੈ।
ਧਮਾਕੇ ਤੋਂ ਬਾਅਦ ਇਹ ਲਗਭਗ 5 ਤੋਂ 10 ਮੀਟਰ ਦੇ ਘੇਰੇ ‘ਚ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਇਸਦੇ ਟੁਕੜੇ 20 ਤੋਂ 25 ਮੀਟਰ ਤੱਕ ਫੈਲ ਸਕਦੇ ਹਨ, ਜਿਸ ਨਾਲ ਨੇੜਲੇ ਲੋਕਾਂ ਨੂੰ ਗੰਭੀਰ ਸੱਟਾਂ ਲੱਗਣ ਦਾ ਖ਼ਤਰਾ ਹੈ।
ਇਸ ਤੋਂ ਪਹਿਲਾਂ, ਦੋ ਨਵੇਂ ਵੀਡੀਓ ਸਾਹਮਣੇ ਆਏ ਸਨ। ਹਮਲੇ ਤੋਂ ਕੁਝ ਮਿੰਟ ਪਹਿਲਾਂ, ਦੋ ਸ਼ੱਕੀ ਭਾਜਪਾ ਦਫਤਰ ਦੇ ਨੇੜੇ ਇੱਕ ਹੋਰ ਦਫਤਰ ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ। ਇੱਕ ਹੋਰ ਵੀਡੀਓ ‘ਚ, ਦੋਵੇਂ ਸ਼ੱਕੀ ਹਮਲੇ ਤੋਂ ਬਾਅਦ ਸੜਕ ਪਾਰ ਭੱਜਦੇ ਦਿਖਾਈ ਦੇ ਰਹੇ ਹਨ।
ਹੁਣ ਤੱਕ, ਪੁਲਿਸ ਨੇ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਕਰੂਡ ਵਰਗੀ ਚੀਜ਼ ਸੁੱਟੀ ਗਈ ਹੈ। ਚੰਡੀਗੜ੍ਹ ਪੁਲਿਸ ਅਤੇ ਸੀਐਫਐਸਐਲ ਟੀਮਾਂ ਭਾਜਪਾ ਦਫ਼ਤਰ ਦੇ ਬਾਹਰ ਜਾਂਚ ਕਰ ਰਹੀਆਂ ਹਨ।