ਭਾਈ ਰਾਜੋਆਣਾ ਵਲੋਂ ਰਹਿਮ ਦੀ ਅਪੀਲ ਵਾਪਸ ਲੈਣ ਸਬੰਧੀ ਉਨ੍ਹਾਂ ਦੀਆਂ ਭਾਵਨਾਵਾਂ ਜਾਇਜ਼: ਜਥੇਦਾਰ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜੇਲ੍ਹ ’ਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਰਹਿਮ ਦੀ ਅਪੀਲ ਵਾਪਸ ਲੈਣ ਸਬੰਧੀ ਕਿਹਾ ਗਿਆ ਹੈ ਜਿਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਥੇਦਾਰ ਗੜਗੱਜ ਸਮਰਾਲਾ ਵਿਖੇ ਗੁਰੂ ਮਾਨਿਓ ਚੇਤਨਾ ਸਮਾਗਮ ਤਹਿਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਸਨ।

ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਜਾਇਜ਼ ਹਨ ਕਿਉਂਕਿ ਉਨ੍ਹਾਂ ਨੂੰ ਜੇਲ੍ਹ ਵਿਚ ਅਜਿਹੀ ਕਾਲ ਕੋਠੜੀ ਵਿਚ ਬੰਦ ਕੀਤਾ ਗਿਆ ਹੈ ਜਿੱਥੇ ਬੰਦਾ ਸਹੀ ਢੰਗ ਨਾਲ ਬੈਠ ਵੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਉਹ ਜੇਲ੍ਹ ਵਿਚ ਅਜਿਹੀ ਸਜ਼ਾ ਪਿਛਲੇ ਕਈ ਸਾਲਾਂ ਤੋਂ ਭੁਗਤ ਰਹੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ 2019 ਵਿਚ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤਾਂ ਉਸ ਸਮੇਂ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਕਹੀ ਸੀ।

ਉਨ੍ਹਾਂ ਕਿਹਾ ਕਿ ਅੱਜ 7 ਸਾਲ ਹੋ ਗਏ ਪਰ ਵਾਅਦੇ ਵਫ਼ਾ ਨਾ ਹੋਏ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘ ਜੇਲ੍ਹ ਅੰਦਰ ਪੂਰੀ ਚੜ੍ਹਦੀਕਲਾ ਵਿਚ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਭਾਈ ਰਾਜੋਆਣਾ ਨੇ ਜੋ ਕਿਹਾ ਉਨ੍ਹਾਂ ਦਾ ਹੱਕ ਤੇ ਬਿਲਕੁਲ ਜਾਇਜ਼ ਹੈ ਜਿਸ ਉੱਪਰ ਉਹ ਗੌਰ ਕਰਨਗੇ। ਧਰਮ ਪਰਿਵਰਤਨ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਸੱਚਾ ਸਿੱਖ ਕਦੇ ਵੀ ਆਪਣਾ ਧਰਮ ਪਰਿਵਰਤਨ ਨਹੀਂ ਕਰਦਾ, ਉਹ ਬੰਦ-ਬੰਦ ਕਟਵਾ ਸਕਦਾ, ਖੋਪੜੀ ਲਹਾ ਸਕਦਾ ਪਰ ਕਦੇ ਵੀ ਸਿੱਖੀ ਨਹੀਂ ਛੱਡ ਸਕਦਾ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਦੋਹਰਾ ਮਾਪਦੰਡ ਸਾਹਮਣੇ ਹੈ ਕਿ ਇੱਕ ਪਾਸੇ ਤਾਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ ਜਦਕਿ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਇਸ ਮੌਕੇ ਸਮਰਾਲਾ ਵਿਖੇ ਧਾਰਮਿਕ ਦੀਵਾਨ ਕਰਵਾਉਣ ਵਾਲੀ ਪ੍ਰਬੰਧਕ ਕਮੇਟੀ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਵਿਸ਼ੇਸ਼ ਤੌਰ ’ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਧੰਨਵਾਦ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਸਮਰਾਲਾ ਪਹੁੰਚਣ ’ਤੇ ਜਥੇਦਾਰ ਗੜਗੱਜ ਦਾ ਸਵਾਗਤ ਕੀਤਾ ਗਿਆ।

ਇਸ ਲੇਖ ਨੂੰ ਸਾਂਝਾ ਕਰੋ: