ਹਰਿਆਣਾ ਨੇ ਭਾਖੜਾ ਬੋਰਡ ਨੂੰ ਪੱਤਰ ਲਿਖ ਕੇ ਅਪਣੇ ਹਿੱਸੇ ਦੇ ਪਾਣੀ ਬਾਰੇ ਚਿੰਤਾ ਪ੍ਰਗਟ ਕੀਤੀ

ਹਰਿਆਣਾ ਸਰਕਾਰ ਨੇ ਬਿਆਸ ਦਰਿਆ ’ਚੋਂ ਅਪਣੇ ਹਿੱਸੇ ਦੇ ਪਾਣੀ ਨੂੰ ਲੈ ਕੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਪੱਤਰ ਲਿਖ ਕੇ ਚਿੰਤਾ ਤੇ ਖਦਸ਼ਾ ਪਰਗਟ ਕੀਤਾ ਹੈ। ਬਿਆਸ-ਸਤਲੁਜ ਲਿੰਕ ਪ੍ਰਾਜੈਕਟ ਰਾਹੀਂ ਬਿਆਸ ਤੋਂ ਸਤਲੁਜ ਵਲ ਪਾਣੀ ਦੇ ਘੱਟ ਮੋੜਨ ਦੀ ਗੱਲ ਆਖੀ ਹੈ।

 ਹਰਿਆਣਾ ਨੇ ਅਪਣੀ ਚਿੱਠੀ ਵਿਚ ਕਿਹਾ ਹੈ ਕਿ ਚਾਰ ਮਾਰਚ ਤੋਂ  ਸਤਲੁਜ ਲਿੰਕ ਰਾਹੀਂ ਪਾਣੀ ਦਾ ਨਿਕਾਸ ਘੱਟ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਇਸ ਦੌਰਾਨ ਸਤਲੁਜ ਵਲ ਲੋੜੀਂਦਾ ਪਾਣੀ ਨਹੀਂ ਛੱਡਿਆ ਗਿਆ। ਇਸ ਨਾਲ ਭਾਖੜਾ ਪ੍ਰਣਾਲੀ ਰਾਹੀਂ ਹਰਿਆਣਾ ਨੂੰ ਮਿਲਣ ਵਾਲੇ ਬਿਆਸ ਦੇ ਪਾਣੀ ਦਾ ਹਿੱਸਾ ਘੱਟ ਗਿਆ ਹੈ, ਜਿਸ ਨਾਲ ਅਲਾਟ ਕੀਤੇ ਕੋਟੇ ਤੋਂ ਘੱਟ ਪਾਣੀ ਮਿਲਣ ਦਾ ਡਰ ਪੈਦਾ ਹੋ ਗਿਆ ਹੈ।

ਪੰਜਾਬ ਵਲੋਂ ਪਿਛਲੇ ਸਮੇਂ ਵਿਚ ਵਾਧੂ ਪਾਣੀ ਦੇਣ ਤੋਂ ਨਾਂਹ ਕਰਨ ਦੀ ਬਣੀ ਸਥਿਤੀ ਕਾਰਨ ਵੀ ਭਵਿੱਖ ਲਈ ਡਰ ਮਹਿਸੂਸ ਕਰ ਰਿਹਾ ਹੈ। ਉਧਰ ਹਰਿਆਣਾ ਦੇ ਖਦਸ਼ੇ ਬਾਰੇ ਬੋਰਡ ਅਥਰਿਟੀ ਦਾ ਕਹਿਣਾ ਹੈ ਕਿ ਭਾਖੜਾ ਡੈਮ ਦੇ ਰਿਜ਼ਰਵਾਇਰ ਵਿਚ ਸਾਰੇ ਹਿੱਸੇਦਾਰ ਸੂਬਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਪਾਣੀ ਉਪਲੱਬਧ ਹੈ।  ਹਰਿਆਣਾ ਨੂੰ ਪਾਣੀ ਦੀ ਸਪਲਾਈ ਪ੍ਰਭਾਵਤ ਨਹੀਂ ਹੋਣ ਦਿਤੀ ਜਾਵੇਗੀ। 1966 ਅਤੇ 1982 ਦੇ ਸਮਝੌਤਿਆਂ ਤਹਿਤ ਹਰਿਆਣਾ ਸਤਲੁਜ ਦੇ 32.31 ਫ਼ੀਸਦ ਅਤੇ ਰਾਵੀ-ਬਿਆਸ ਦੇ 21 ਫ਼ੀਸਦ ਪਾਣੀ ਦਾ ਹਿਸੇਦਾਰ ਹੈ।

ਇਸ ਲੇਖ ਨੂੰ ਸਾਂਝਾ ਕਰੋ: