ਸੰਸਦ ‘ਚ ਪੰਜਾਬ ਦੀ ਆਵਾਜ਼ ਬਣੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ

ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ (ਐਮਪੀ) ‘ਚੋਂ ਉੱਪਰਲੇ ਸਦਨ ਦੇ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਬਜਟ ਸੈਸ਼ਨ 2026 ਦੌਰਾਨ ਸੂਬੇ ਦੇ ਸਭ ਤੋਂ ਵੱਧ ਸਰਗਰਮ ਅਤੇ ਪ੍ਰਭਾਵਸ਼ਾਲੀ ਨੁਮਾਇੰਦਿਆਂ ‘ਚੋਂ ਇੱਕ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਸੈਸ਼ਨ ਦੌਰਾਨ ਆਪਣੀ ਭੂਮਿਕਾ ਨਿਭਾਈ, ਉਹ ਸਮਾਜ ਦੇ ਆਖ਼ਰੀ ਕਤਾਰ ‘ਚ ਖੜੇ ਵਿਅਕਤੀ ਦੀ ਆਵਾਜ਼ ਅਤੇ ਆਮ ਨਾਗਰਿਕਾਂ ਤੇ ਸਰਕਾਰ ਵਿਚਕਾਰ ਇੱਕ ਅਹਿਮ ਕੜੀ ਵਜੋਂ ਉੱਭਰ ਕੇ ਸਾਹਮਣੇ ਆਏ ਹਨ।

ਸੰਸਦ ਮੈਂਬਰਾਂ ਦੀ ਕਾਰਜਕੁਸ਼ਲਤਾ ਦਾ ਅੰਦਾਜ਼ਾ ਸੰਸਦੀ ਕਾਰਵਾਈਆਂ ‘ਚ ਉਨ੍ਹਾਂ ਦੀ ਸ਼ਮੂਲੀਅਤ, ਜਨਤਕ ਮਸਲਿਆਂ ਨੂੰ ਉਠਾਉਣ ਦੀ ਸਮਰੱਥਾ ਅਤੇ ਵਿਧਾਨਕ ਪ੍ਰਕਿਰਿਆਵਾਂ ਵਿੱਚ ਉਨ੍ਹਾਂ ਦੇ ਯੋਗਦਾਨ ਤੋਂ ਲਗਾਇਆ ਗਿਆ ਹੈ।

ਬਜਟ ਸੈਸ਼ਨ 2026 ਪੰਜਾਬ ਦੇ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਦਾ ਇੱਕ ਵੰਨ-ਸਵੰਨਾ ਪੈਟਰਨ ਪੇਸ਼ ਕਰਦਾ ਹੈ, ਮੌਜੂਦਾ ਸਮੇਂ ਵਿੱਚ ਪੰਜਾਬ ਦੀ ਨੁਮਾਇੰਦਗੀ ਲੋਕ ਸਭਾ ‘ਚ 13 ਅਤੇ ਰਾਜ ਸਭਾ
‘ਚ 7 ਸੰਸਦ ਮੈਂਬਰਾਂ (ਐਮਪੀ) ਵੱਲੋਂ ਕੀਤੀ ਜਾ ਰਹੀ ਹੈ। ਇਸ ਸੈਸ਼ਨ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੁੱਝ ਪ੍ਰਮੁੱਖ ਸੂਚਕਾਂ ਦੇ ਆਧਾਰ ‘ਤੇ ਕੀਤਾ ਗਿਆ ਹੈ, ਜਿਵੇਂ ਕਿ ਹਾਜ਼ਰੀ, ਪੁੱਛੇ ਗਏ ਸਵਾਲ, ਚੁੱਕੇ ਗਏ ਮੁੱਦੇ, ਵਿਧਾਨਕ ਪਹਿਲਕਦਮੀਆਂ ਅਤੇ ਸਿਫ਼ਰ ਕਾਲ (ਜ਼ੀਰੋ ਆਵਰ) ਤੇ ਵਿਸ਼ੇਸ਼ ਜ਼ਿਕਰ (ਸਪੈਸ਼ਲ ਮੈਨਸ਼ਨ) ‘ਚ ਉਨ੍ਹਾਂ ਦੀ ਭਾਗੀਦਾਰੀ।

ਮੌਜੂਦਾ ਬਜਟ ਸੈਸ਼ਨ ਦੌਰਾਨ, ਐਮਪੀ ਸੰਧੂ ਨੇ ਰਾਜ ਸਭਾ ‘ਚ 96.7 ਫ਼ੀਸਦੀ ਦੀ ਪ੍ਰਭਾਵਸ਼ਾਲੀ ਹਾਜ਼ਰੀ ਦਰਜ ਕਰਵਾਈ, ਜੋ ਉਨ੍ਹਾਂ ਨੂੰ ਸਦਨ ਦੇ ਸਭ ਤੋਂ ਨਿਯਮਤ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ ਕਰਦੀ ਹੈ। ਲੋਕ ਸਭਾ ਮੈਂਬਰ ਅਮਰ ਸਿੰਘ ਦੀ ਹਾਜ਼ਰੀ ਸੌ ਫ਼ੀਸਦੀ ਰਹੀ, ਜਦਕਿ ਰਾਜ ਸਭਾ ਦੇ ਇੱਕ ਹੋਰ ਮੈਂਬਰ ਰਾਘਵ ਚੱਢਾ ਹਾਜ਼ਰੀ ਦੇ ਮਾਮਲੇ ਵਿੱਚ ਸਤਨਾਮ ਸਿੰਘ ਸੰਧੂ ਦੇ ਬਰਾਬਰ ਰਹੇ।

ਕਿਸੇ ਵੀ ਸੰਸਦ ਮੈਂਬਰ ਦੀ ਕਾਰਗੁਜ਼ਾਰੀ ਦਾ ਸਭ ਤੋਂ ਅਹਿਮ ਪਹਿਲੂ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੀ ਗਿਣਤੀ ਹੁੰਦੀ ਹੈ। ਇਹ ਸਦਨ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਅਤੇ ਜਨਤਕ ਮਹੱਤਤਾ ਦੇ ਮੁੱਦਿਆਂ ਨੂੰ ਉਠਾਉਣ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਸਤਨਾਮ ਸਿੰਘ ਸੰਧੂ ਇਸ ਸ਼ੇ੍ਰਣੀ ਵਿੱਚ ਸਭ ਤੋਂ ਮੋਹਰੀ ਰਹੇ ਹਨ। ਉਨ੍ਹਾਂ ਨੇ ਕੁੱਲ 51 ਸਵਾਲ ਪੁੱਛੇ, ਜਿਨ੍ਹਾਂ ਵਿੱਚ ਪੰਜ ਸਪਲੀਮੈਂਟਰੀ ਸਵਾਲ ਵੀ ਸ਼ਾਮਲ ਸਨ। ਇਸ ਮਾਮਲੇ ਵਿੱਚ ਚਾਰ ਹੋਰ ਮੈਂਬਰ ਵੀ ਉਨ੍ਹਾਂ ਦੇ ਕਾਫ਼ੀ ਕਰੀਬ ਰਹੇ।

ਐਮਪੀ ਸੰਧੂ ਦੀ ਇਹ ਕਾਰਗੁਜ਼ਾਰੀ ਰਾਸ਼ਟਰੀ ਅਤੇ ਰਾਜ ਵਿਸ਼ੇਸ਼, ਦੋਵਾਂ ਤਰ੍ਹਾਂ ਦੇ ਸਰੋਕਾਰਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਸਰਗਰਮ ਪਹੁੰਚ ਨੂੰ ਦਰਸਾਉਂਦੀ ਹੈ। ਆਪਣੀ ਨਿਯਮਤ ਹਾਜ਼ਰੀ ਅਤੇ ਸਭ ਤੋਂ ਵੱਧ ਸਵਾਲਾਂ ਦੇ ਸੁਮੇਲ ਰਾਹੀਂ, ਉਨ੍ਹਾਂ ਨੇ ਸੰਸਦੀ ਮਾਮਲਿਆਂ ਵਿੱਚ ਇੱਕ ਨਿਵੇਕਲੀ ਨਿਰੰਤਰਤਾ ਅਤੇ ਗੰਭੀਰ ਸ਼ਮੂਲੀਅਤ ਦਾ ਸਬੂਤ ਦਿੱਤਾ ਹੈ।

ਇਸ ਲੇਖ ਨੂੰ ਸਾਂਝਾ ਕਰੋ: