ਚਾਰ ਸਾਲ ਤੋਂ ਅਧੂਰੀ ਸੜਕ, ਸੀਵਰੇਜ ਓਵਰਫਲੋ ਅਤੇ ਖ਼ਰਾਬ ਡਰੇਨੇਜ ਨੇ ਛੱਜੂ ਮਾਜਰਾ ਨੂੰ ਬਣਾਇਆ “ਨਰਕ”
ਖਰੜ ਸ਼ਹਿਰ ਦੀ ਨਿੱਜਰ ਰੋਡ ’ਤੇ ਮਾਡਲ ਟਾਊਨ ਦੇ ਨੇੜੇ ਸਥਿਤ ਛੱਜੂ ਮਾਜਰਾ ਇਲਾਕੇ ਦੀਆਂ ਸੜਕਾਂ, ਸੀਵਰੇਜ ਵਿਵਸਥਾ, ਡਰੇਨੇਜ ਸਿਸਟਮ ਅਤੇ ਬਿਜਲੀ ਪ੍ਰਬੰਧ ਦੀ ਬਦਹਾਲੀ ਇਹ ਦਰਸਾਉਂਦੀ ਹੈ ਕਿ ਜੇ ਖਰੜ ਵਿੱਚ ਕੋਈ ਇਲਾਕਾ “ਨਰਕ ਵਰਗੀ ਜ਼ਿੰਦਗੀ” ਜੀ ਰਿਹਾ ਹੈ, ਤਾਂ ਉਹ ਰਾਇਲ ਰੈਜ਼ੀਡੈਂਸੀ, ਡ੍ਰੀਮ ਲੈਂਡ, ਗੋਵਿੰਦ ਐਨਕਲੇਵ, ਅਲੀਵਿਸਟਾ ਗ੍ਰੀਨਜ਼, ਐਲ ਜੀ ਵਿਲਾ ਅਤੇ ਦ੍ਰਿਸ਼ਟੀ ਐਵੇਨਿਊ ਵਰਗੇ ਕਲੋਨੀਆਂ ਦੇ ਵਸਨੀਕ ਹਨ।
ਇਹ ਗੱਲ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਟੇਟ ਮੀਡੀਆ ਹੈਡ ਵਿਨੀਤ ਜੋਸ਼ੀ ਨੇ ਸਥਾਨਕ ਵਸਨੀਕਾਂ ਦੇ ਨਿਯੋਤੇ ’ਤੇ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਕਹੀ। ਵਸਨੀਕਾਂ ਨੇ ਜੋਸ਼ੀ ਨੂੰ ਦੱਸਿਆ ਕਿ ਮਿਊਂਸਪਲ ਕਮੇਟੀ ਖਰੜ ਦੀ ਕਾਰਗੁਜ਼ਾਰੀ ਇਨੀ ਮਾੜੀ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਲਗਭਗ ਦੋ ਕਿਲੋਮੀਟਰ ਲੰਬੀ ਸੜਕ ਅਜੇ ਤੱਕ ਪੂਰੀ ਨਹੀਂ ਹੋ ਸਕੀ।
ਇਸ ਵੇਲੇ ਉੱਥੇ ਕੱਚੀ ਮਿੱਟੀ ਦੀ ਸੜਕ ਹੈ, ਜੋ ਨਾ ਸਿਰਫ਼ ਬਰਸਾਤ ਦੌਰਾਨ ਸਗੋਂ ਆਮ ਦਿਨਾਂ ਵਿੱਚ ਵੀ ਸੀਵਰੇਜ ਓਵਰਫਲੋ ਅਤੇ ਨਾਲਿਆਂ ਦੇ ਪਾਣੀ ਕਾਰਨ ਦਲਦਲ ਬਣ ਜਾਂਦੀ ਹੈ। ਇਸ ਨਾਲ ਵਾਹਨ ਫਸ ਜਾਂਦੇ ਹਨ ਅਤੇ ਫਿਸਲਦੇ ਹਨ, ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਪੈਦਲ ਚੱਲਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ।