6 ਸਾਲ ਦੇ ਮਾਸੂਮ ਅਰਸ਼ਪ੍ਰੀਤ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਜਲੰਧਰ ਜ਼ਿਲ੍ਹੇ ਦੇ ਪਿੰਡ ਸੋਹਲ ਜਾਗੀਰ ਦੇ 6 ਸਾਲਾ ਅਰਸ਼ਪ੍ਰੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਉਸ ਦੀ ਮਾਂ ਨੇ ਹੀ ਚਾਕੂ ਮਾਰ ਕੇ ਕਤਲ ਦਿੱਤਾ। ਕਤਲ ਦਾ ਕਾਰਨ ਸਿਰਫ਼ ਇਹ ਸੀ ਕਿ 6 ਸਾਲਾ ਅਰਸ਼ਪ੍ਰੀਤ ਆਪਣੀ ਦਾਦੀ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸ ਨਾਲ ਸੌਣ ਜ਼ਿੱਦ ਕਰਦਾ ਸੀ। ਇਸ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀ ਮਾਂ ਕੁਲਵਿੰਦਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 50,000 ਦਾ ਜੁਰਮਾਨਾ ਲਗਾਇਆ ਹੈ । ਇਹ ਘਟਨਾ 8 ਜੂਨ 2020 ਦੀ ਹੈ । ਦੋਸ਼ੀ ਔਰਤ ਨੇ ਆਪਣੇ ਪੁੱਤਰ ਨੂੰ ਉਸ ਸਮੇਂ ਮਾਰ ਦਿੱਤਾ ਜਦੋਂ ਬੱਚਾ ਆਪਣੇ ਦਾਦਾ-ਦਾਦੀ ਨਾਲ ਸੌਣ ਲਈ ਜ਼ੋਰ ਦੇ ਰਿਹਾ ਸੀ । ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।
ਆਪਣੇ ਬਿਆਨ ਵਿੱਚ ਅਵਤਾਰ ਸਿੰਘ ਨੇ ਦੱਸਿਆ ਕਿ ਉਸਦਾ ਪੋਤਾ ਅਰਸ਼ਪ੍ਰੀਤ ਸਿੰਘ ਆਪਣੀ ਦਾਦੀ ਚਰਨਜੀਤ ਕੌਰ ਦੇ ਬਹੁਤ ਨੇੜੇ ਸੀ ਅਤੇ ਉਸਨੂੰ ਬਹੁਤ ਪਿਆਰ ਕਰਦਾ ਸੀ । ਪਰ ਦਾਦੀ ਪੋਤੇ ਦਾ ਇਹ ਪਿਆਰ ਸਾਡੀ ਨੂੰਹ ਕੁਲਵਿੰਦਰ ਕੌਰ ਨੂੰ ਰਾਸ ਨਹੀਂ ਆਉਂਦਾ ਸੀ, ਜਿਸ ਨੂੰ ਲੈ ਕੇ ਪਰਿਵਾਰ ਦੇ ਹੋਰ ਮੈਂਬਰਾਂ ਵਿਚਕਾਰ ਅਕਸਰ ਬਹਿਸ ਹੁੰਦੀ ਰਹਿੰਦੀ ਸੀ । 8 ਜੂਨ 2020 ਨੂੰ ਜਦੋਂ ਬੱਚਾ ਇੱਕ ਵਾਰ ਫਿਰ ਆਪਣੀ ਦਾਦੀ ਨਾਲ ਸੌਣ 'ਤੇ ਜ਼ੋਰ ਦਿੰਦਾ ਸੀ ਤਾਂ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਰਾਤ ਨੂੰ ਕੁਲਵਿੰਦਰ ਨੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ।
ਘਟਨਾ ਵਾਲੀ ਰਾਤ ਲਗਭਗ 9:30 ਵਜੇ ਅਵਤਾਰ ਸਿੰਘ ਅਤੇ ਉਸ ਦੀ ਪਤਨੀ ਘਰ ਦੀ ਲਾਬੀ ਵਿੱਚ ਬੈਠੇ ਸਨ, ਜਦੋਂ ਕਿ ਕੁਲਵਿੰਦਰ ਕੌਰ ਆਪਣੇ ਪੁੱਤਰ ਅਰਸ਼ਪ੍ਰੀਤ ਨਾਲ ਇੱਕ ਕਮਰੇ ਦੇ ਅੰਦਰ ਸੀ । ਅਚਾਨਕ ਬੱਚੇ ਦੀਆਂ ਚੀਕਾਂ ਸੁਣਾਈ ਦਿੱਤੀਆਂ। ਜਦੋਂ ਜੋੜਾ ਕਮਰੇ ਵਿੱਚ ਭੱਜਿਆ ਤਾਂ ਉਨ੍ਹਾਂ ਨੇ ਅਰਸ਼ਪ੍ਰੀਤ ਨੂੰ ਬਿਸਤਰੇ 'ਤੇ ਖੂਨ ਨਾਲ ਲੱਥਪੱਥ ਪਿਆ ਦੇਖਿਆ, ਜਦੋਂ ਕਿ ਕੁਲਵਿੰਦਰ ਕੌਰ ਉੱਥੇ ਸਬਜ਼ੀ ਵਾਲਾ ਚਾਕੂ ਫੜੀ ਖੜ੍ਹੀ ਸੀ। ਦੋਸ਼ ਹੈ ਕਿ ਕੁਲਵਿੰਦਰ ਕੌਰ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਆਪਣੇ ਪੁੱਤਰ ਦੇ ਪੇਟ ਵਿੱਚ ਦੋ ਵਾਰ ਚਾਕੂ ਮਾਰਿਆ ਸੀ । ਗੰਭੀਰ ਜ਼ਖਮੀ ਅਰਸ਼ਪ੍ਰੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਹ ਰਸਤੇ ਵਿੱਚ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਕਤਲ ਲਈ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ । ਗਵਾਹਾਂ ਦੇ ਬਿਆਨਾਂ, ਸਬੂਤਾਂ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਅਦਾਲਤ ਨੇ ਕੁਲਵਿੰਦਰ ਕੌਰ ਨੂੰ ਦੋਸ਼ੀ ਪਾਇਆ। ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ, ਜਿਸ ਵਿੱਚ ਇੱਕ ਮਾਂ ਨੇ ਆਪਣੇ ਮਾਸੂਮ ਪੁੱਤਰ ਦੀ ਜਾਨ ਲੈ ਲਈ। ਅਜਿਹੇ ਅਪਰਾਧ ਲਈ ਸਖ਼ਤ ਸਜ਼ਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮਾਜ ਨੂੰ ਇੱਕ ਸਪੱਸ਼ਟ ਸੁਨੇਹਾ ਭੇਜਿਆ ਜਾ ਸਕੇ।