ਘਰਵਾਲੀ ਨੂੰ ਗੋਲੀ ਮਾਰਨ ਤੋਂ ਬਾਅਦ ਪਤੀ ਨੇ ਖੁਦ ਨੂੰ ਵੀ ਮਾਰੀ ਗੋਲੀ, ਦੋਵਾਂ ਦੀ ਹੋਈ ਮੌਤ

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫ਼ਤਿਹਗੜ ਚੂੜੀਆਂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਇਥੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਘਰਵਾਲੀ ਨੂੰ ਗੋਲੀ ਮਾਰਨ ਉਪਰੰਤ ਪਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ।ਗੋਲੀ ਲੱਗਣ ਨਾਲ ਦੋਵੇਂ ਪਤੀ ਪਤਨੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਡੀਐਸਪੀ ਲਲਿਤ ਕੁਮਾਰ ਅਤੇ ਐਸਐਚਓ ਲੱਖਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਡੀਐਸਪੀ ਲਲਿਤ ਕੁਮਾਰ ਅਤੇ ਪਰਿਵਾਰਕ ਮੈਂਬਰ ਅਤੇ ਸਰਪੰਚ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਰਿੰਦਰ ਸਿੰਘ ਬਿੰਦਾ ਜਿਸ ਦਾ ਪਹਿਲੀ ਪਤਨੀ ਦੇ ਤਲਾਕ ਤੋਂ ਬਾਅਦ ਦੂਜਾ ਵਿਆਹ ਹੋਇਆ ਸੀ।

ਹੁਣ ਦੂਜੀ ਪਤਨੀ ਪਰਮਸਲੀਲ ਕੌਰ ਨਾਲ ਤਕਰਾਰਬਾਜ਼ੀ ਚੱਲ ਰਹੀ ਸੀ ਅਤੇ ਕੱਲ੍ਹ ਸ਼ਾਮ ਨੂੰ ਦੋਵੇਂ ਪਤੀ ਪਤਨੀ ਘਰ ਵਿਚ ਇੱਕਲੇ ਸਨ ਅਤੇ ਦੋਵਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੋਈ ਅਤੇ ਗੁੱਸੇ ਵਿਚ ਬਰਿੰਦਰ ਸਿੰਘ ਬਿੰਦਾ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਪਹਿਲਾਂ ਪਤਨੀ ਦੀ ਲੱਤ ਅਤੇ ਛਾਤੀ’ਚ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੀ ਛਾਤੀ’ਚ ਗੋਲੀ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਵੱਲੋ ਮਾਮਲਾ ਦਰਜ ਕਰ ਦੋਵਾਂ ਲਾਸ਼ਾਂ ਨੂੰ ਕਬਜੇ’ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ।

ਇਸ ਲੇਖ ਨੂੰ ਸਾਂਝਾ ਕਰੋ: