ਐਮਰਜੈਂਸੀ ਰਿਸਪਾਂਸ 'ਚ ਖੰਨਾ ਪੁਲਿਸ ਪੂਰੇ ਪੰਜਾਬ ਵਿਚ ਨੰਬਰ ਇਕ ਬਣੀ
ਪੰਜਾਬ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਸਿਸਟਮ ਵਿਚ ਪੁਲਿਸ ਜ਼ਿਲ੍ਹਾ ਖੰਨਾ ਨੇ ਨਵਾਂ ਰਿਕਾਰਡ ਬਣਾਇਆ ਹੈ। ਪੂਰੇ ਪੰਜਾਬ ਦੇ 28 ਪੁਲਿਸ ਜ਼ਿਲ੍ਹਿਆਂ ਅਤੇ ਕਮਿਸ਼ਨਰੇਟਾਂ ਵਿਚ ਖੰਨਾ ਪੁਲਿਸ ਸੱਭ ਤੋਂ ਤੇਜ਼ ਰਿਸਪਾਂਸ ਦੇਣ ਵਾਲੀ ਪੁਲਿਸ ਵਜੋਂ ਸਾਹਮਣੇ ਆਈ ਹੈ। ਐਮਰਜੈਂਸੀ ਰਿਸਪਾਂਸ ਵਹੀਕਲ ਪ੍ਰਾਜੈਕਟ ਅਧੀਨ ਜਾਰੀ ਸੂਬਾ ਪਧਰੀ ਰਿਪੋਰਟ ਵਿਚ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਦਾ ਔਸਤ ਰਿਸਪਾਂਸ ਟਾਈਮ ਦਰਜ ਕੀਤਾ ਹੈ, ਜੋ ਪੂਰੇ ਪੰਜਾਬ ਵਿਚ ਸੱਭ ਤੋਂ ਘੱਟ ਹੈ। ਇਸ ਉਪਲਬਧੀ ਨਾਲ ਖੰਨਾ ਪੁਲਿਸ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਕਮਿਸ਼ਨਰੇਟ ਖੇਤਰਾਂ ਦੀ ਪੁਲਿਸ ਨੂੰ ਵੀ ਪਿੱਛੇ ਛੱਡ ਦਿਤਾ ਹੈ।
ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ ਵਿਚ ਆਉਣ ਵਾਲੀ ਹਰ ਐਮਰਜੈਂਸੀ ਕਾਲ ’ਤੇ ਪੁਲਿਸ ਟੀਮ ਬਹੁਤ ਘੱਟ ਸਮੇਂ ਵਿਚ ਮੌਕੇ ’ਤੇ ਪਹੁੰਚ ਰਹੀ ਹੈ ਅਤੇ ਤੁਰਤ ਕਾਰਵਾਈ ਕਰ ਰਹੀ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਐਸਐਸਪੀ ਡਾ. ਦਰਪਣ ਆਹਲੂਵਾਲੀਆ (ਆਈਪੀਐੱਸ) ਦੀ ਵਧੀਆ ਕਾਰਜਸ਼ੈਲੀ, ਲਗਾਤਾਰ ਮਾਨੀਟਰਿੰਗ ਅਤੇ ਪੁਲਿਸ ਟੀਮ ਦੀ ਮਿਹਨਤ ਨੂੰ ਦਿਤਾ ਜਾ ਰਿਹਾ ਹੈ। ਹੁਣ ਐਮਰਜੈਂਸੀ ਰਿਸਪਾਂਸ ਸਿਸਟਮ ਵਿਚ ਵੀ ਖੰਨਾ ਪੁਲਿਸ ਨੇ ਪੂਰੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਅਪਣੀ ਵਖਰੀ ਪਹਿਚਾਣ ਬਣਾਈ ਹੈ।
10 ਮਈ 2026 ਦੀ ਸੂਬਾ ਪਧਰੀ ‘ਈਵੈਂਟ ਰਿਸਪਾਂਸ ਟਾਈਮ ਸਮਰੀ ਰਿਪੋਰਟ’ ਅਨੁਸਾਰ ਪੰਜਾਬ ਵਿਚ ਕੁਲ 1783 ਈਵੈਂਟ ਦਰਜ ਹੋਏ, ਜਿਨ੍ਹਾਂ ਵਿਚੋਂ 1726 ਘਟਨਾਵਾਂ ’ਤੇ ਪੁਲਿਸ ਨੇ ਰਿਸਪਾਂਸ ਕੀਤਾ। ਪੂਰੇ ਸੂਬੇ ਦਾ ਔਸਤ ਰਿਸਪਾਂਸ ਟਾਈਮ 11 ਮਿੰਟ 22 ਸਕਿੰਟ ਰਿਹਾ, ਜਦਕਿ ਖੰਨਾ ਪੁਲਿਸ ਨੇ ਇਸ ਤੋਂ ਕਰੀਬ 4 ਮਿੰਟ ਘੱਟ ਸਮੇਂ ਵਿਚ ਰਿਸਪਾਂਸ ਦੇ ਕੇ ਸੱਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਰਿਪੋਰਟ ਵਿਚ ਸਾਹਮਣੇ ਆਇਆ ਕਿ ਸੀਪੀ ਅੰਮ੍ਰਿਤਸਰ ਦਾ ਰਿਸਪਾਂਸ ਟਾਈਮ 10 ਮਿੰਟ 31 ਸਕਿੰਟ ਰਿਹਾ, ਸੀਪੀ ਜਲੰਧਰ ਦਾ 8 ਮਿੰਟ 11 ਸਕਿੰਟ, ਸੀਪੀ ਲੁਧਿਆਣਾ ਦਾ 10 ਮਿੰਟ 36 ਸਕਿੰਟ, ਪਟਿਆਲਾ ਦਾ 13 ਮਿੰਟ 44 ਸਕਿੰਟ, ਬਠਿੰਡਾ ਦਾ 14 ਮਿੰਟ 29 ਸਕਿੰਟ, ਰੂਪਨਗਰ ਦਾ 15 ਮਿੰਟ 44 ਸਕਿੰਟ ਦਰਜ ਕੀਤਾ ਗਿਆ।
ਜਦਕਿ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਵਿਚ ਰਿਸਪਾਂਸ ਦੇ ਕੇ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ ਵਿਚ ਕੁਲ 43 ਈਵੈਂਟ ਆਏ ਅਤੇ ਸਾਰੇ 43 ਈਵੈਂਟਾਂ ’ਤੇ ਪੁਲਿਸ ਨੇ 100 ਫ਼ੀ ਸਦੀ ਰਿਸਪਾਂਸ ਦਿਤਾ। ਜ਼ਿਲ੍ਹੇ ਵਿਚ ਈਆਰਵੀ ਅਧੀਨ 18 ਫੋਰ-ਵਹੀਲਰ ਵਾਹਨ ਤੈਨਾਤ ਹਨ। ਈਆਰਵੀ ਵਾਹਨਾਂ ਵਿਚ ਮੋਬਾਈਲ ਡਾਟਾ ਟਰਮੀਨਲ ਅਤੇ ਸਮਾਰਟ ਫ਼ੋਨ ਸਿਸਟਮ ਲਗਾਏ ਗਏ ਹਨ। ਕੰਟਰੋਲ ਰੂਮ ਤੋਂ ਸਿੱਧੀ ਵਾਹਨ ਤਕ ਸੂਚਨਾ ਪਹੁੰਚਦੀ ਹੈ, ਜਿਸ ਨਾਲ ਪੁਲਿਸ ਟੀਮ ਬਿਨਾਂ ਸਮਾਂ ਗਵਾਏ ਮੌਕੇ ਲਈ ਰਵਾਨਾ ਹੋ ਜਾਂਦੀ ਹੈ। ਸੂਬੇ ਭਰ ਵਿਚ ਕੁੱਲ 1152 ਈਆਰਵੀ ਵਾਹਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚ 199 ਟੂ-ਵੀਲਰ ਅਤੇ 953 ਫੋਰ-ਵੀਲਰ ਸ਼ਾਮਲ ਹਨ।