ਫਰੀਦਕੋਟ ਵਿਚ ਕੰਮ 'ਤੇ ਜਾ ਰਹੇ ਦੋ ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ

ਫ਼ਰੀਦਕੋਟ ਦੇ ਪਿੰਡ ਮਹਿਮੂਆਣਾ ਵਿਚ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 4 ਵਜੇ ਇੱਕ ਆਈ 20 ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਾਸੀ ਮਹਿਮੂਆਣਾ ਵਜੋਂ ਹੋਈ ਹੈ। ਦੋਵੇਂ ਮ੍ਰਿਤਕਾਂ ਦੀ ਉਮਰ ਮਹਿਜ਼ 19 ਸਾਲ ਦੱਸੀ ਜਾ ਰਹੀ ਹੈ।  ਦੋਵੇਂ ਨੌਜਵਾਨ ਪੱਲੇਦਾਰੀ ਦਾ ਕੰਮ ਕਰਦੇ ਸਨ। ਅੱਜ ਸਵੇਰੇ ਵੀ ਉਹ ਕੰਮ ਲਈ ਫਰੀਦਕੋਟ ਜਾ ਰਹੇ ਸਨ ਕਿ ਰਸਤੇ ਵਿਚ ਇਹ ਮੰਦਭਾਗਾ ਭਾਣਾ ਵਾਪਰ ਗਿਆ।

ਫਿਲਹਾਲ ਪੁਲਿਸ ਵੱਲੋਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੈਡੀਕਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਕਾਰ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਕਾਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦੇ ਪ੍ਰਵਾਰਾਂ ਨੇ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਇਸ ਲੇਖ ਨੂੰ ਸਾਂਝਾ ਕਰੋ: