ਸਰੀ ਪੁਲਿਸ ਮੰਗ ਰਹੀ ਹੈ 91 ਮਿਲੀਅਨ ਡਾਲਰ ਹੋਰ, ਮੇਅਰ ਨੇ ਮੰਗ ਕੀਤੀ ਰੱਦ ਨਹੀਂ ਪਾ ਸਕਦੇ ਲੋਕਾਂ ਤੇ ਹੋਰ ਬੋਝ
Surrey Police Board ਵੱਲੋਂ ਆਪਣੇ ਅਸਥਾਈ ਬਜਟ ਵਿੱਚ 91 ਮਿਲੀਅਨ ਡਾਲਰ ਦੇ ਵਾਧੇ ਦੀ ਮੰਗ ਨੂੰ ਸਰੀ ਦੀ ਮੇਅਰ ਬ੍ਰੈਂਡਾ ਲਾਕ ਨੇ ਬੁੱਧਵਾਰ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਨਾਲ ਰਹਿਣ ਵਾਲਿਆਂ ‘ਤੇ 18 ਫ਼ੀਸਦੀ ਪ੍ਰਾਪਰਟੀ ਟੈਕਸ ਦਾ ਬੇਹੱਦ ਬੋਝ ਪੈਣਾ ਸੀ, ਜਿਸਨੂੰ ਉਹ ਅਸਹਿਨਸ਼ੀਲ ਫ਼ੈਸਲਾ ਮੰਨਦੇ ਹਨ।
ਮੇਅਰ ਦਾ ਕਹਿਣਾ ਹੈ ਕਿ ਬਜਟ ਬੇਵਜ੍ਹਾ ਵੱਧ ਹੈ, ਹਾਲਾਂਕਿ ਉਹ ਹੋਰ ਪੁਲਿਸ ਅਫ਼ਸਰਾਂ ਦੀ ਭਰਤੀ ਦੇ ਸਮਰਥਨ ਵਿੱਚ ਹਨ। ਉਹ ਕਹਿੰਦੀ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਹਨਾਂ ਨੇ ਬਜਟ ਵਾਧੇ ਨੂੰ ਮੰਜ਼ੂਰੀ ਦਿੱਤੀ ਹੈ, ਅਤੇ ਮੌਜੂਦਾ ਸਮੇਂ ਵਿੱਚ ਸ਼ਹਿਰ ‘ਚ ਵਧ ਰਹੀਆਂ ਇਕਸਟੋਰਸ਼ਨ ਘਟਨਾਵਾਂ ਨੂੰ ਵੇਖਦਿਆਂ ਵਾਧੂ ਫੰਡਿੰਗ ਦੀ ਲੋੜ ਹੈ, ਪਰ ਇਸ ਪੱਧਰ ਦਾ ਵਾਧਾ ਵਾਜਬ ਨਹੀਂ।
ਇਸ ਫੈਸਲੇ ਦੀ ਸਭ ਤੋਂ ਤਿੱਖੀ ਆਲੋਚਨਾ ਸਰੀ ਫਰਸਟ ਦੀ ਕੌਂਸਲਰ ਲਿੰਡਾ ਐਨਿਸ ਵੱਲੋਂ ਆਈ ਹੈ, ਜੋ ਕਹਿੰਦੀ ਹੈ ਕਿ ਮੇਅਰ ਲਾਕ Surrey Police Service (SPS) ਦੇ ਪੂਰੇ ਟ੍ਰਾਂਜ਼ਿਸ਼ਨ ਨੂੰ ਰੋਕਣ ਲਈ ਸਿਆਸੀ ਖੇਡ ਖੇਡ ਰਹੀ ਹੈ।
ਐਨਿਸ ਮੰਨਦੀ ਹੈ ਕਿ ਜਨਤਾ ਸਾਹਮਣੇ ਜਾਣ ਤੋਂ ਪਹਿਲਾਂ ਕੌਂਸਲ ਤੇ ਪੁਲਿਸ ਬੋਰਡ ਵਿਚ ਗੱਲਬਾਤ ਹੋਣੀ ਚਾਹੀਦੀ ਸੀ ਅਤੇ ਇਹ ਫੈਸਲਾ SPS ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ।
ਯਾਦ ਰਹੇ ਕਿ 2018 ਵਿੱਚ ਸਰੀ ਕੌਂਸਲ ਨੇ RCMP ਤੋਂ ਮੁਨਿਸਪਲ ਪੁਲਿਸ ਫੋਰਸ ਵੱਲ ਬਦਲਾਅ ਦੀ ਮੰਜ਼ੂਰੀ ਦਿੱਤੀ ਸੀ ਅਤੇ SPS ਨੇ ਨਵੰਬਰ 2024 ਤੋਂ ਕਈ ਖੇਤਰਾਂ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ।
ਬੋਰਡ ਨੂੰ ਦਿੱਤੇ ਗਏ ਬਜਟ ਵਿੱਚ ਹੋਰ ਪੁਲਿਸ ਅਫ਼ਸਰਾਂ ਅਤੇ ਸਿਵਲ ਸਟਾਫ਼ ਦੀ ਭਰਤੀ, ਅਤੇ ਪੁਲਿਸਿੰਗ ਲਈ ਨਵੀਂ ਟੈਕਨਾਲੋਜੀ ਅਤੇ ਇਨਫਰਾਸਟਰਕਚਰ ਖੜ੍ਹਾ ਕਰਨ ਵਰਗੇ ਖਰਚੇ ਸ਼ਾਮਲ ਹਨ, ਜਿਨ੍ਹਾਂ ‘ਤੇ ਹੀ ਇਹ ਵਾਦ–ਵਿਵਾਦ ਕੇਂਦਰਿਤ ਹੈ।