CM ਭਗਵੰਤ ਮਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਟਕਰਾਅ ਚਿੰਤਾਜਨਕ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਸਰਹਿੰਦ ਦੇ ਆਮ ਖਾਸ ਬਾਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਚੱਲ ਰਹੇ ਮੌਜੂਦਾ ਵਿਵਾਦ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਦੀ ਥਾਂ ਗੱਲਬਾਤ, ਸੰਵਾਦ ਜਾਂ ਆਪਣੇ ਨਜ਼ਦੀਕੀ ਲੋਕਾਂ ਦੇ ਮਾਧਿਅਮ ਰਾਹੀਂ ਇਸ ਨਾਜ਼ੁਕ ਸਥਿਤੀ ਨੂੰ ਸ਼ਾਂਤ ਕਰਨ ਵਾਲੇ ਕਦਮ ਚੁੱਕਣੇ ਚਾਹੀਦੇ ਹਨ।

ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ਵੱਲੋਂ ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ‘ਤੇ ਪ੍ਰਤੀਕਿਰਿਆ ਦਿੰਦਿਆਂ ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਉਹ ਇਸ ਵਿਵਾਦ ‘ਚ ਨਹੀਂ ਪੈਣਾ ਚਾਹੁੰਦੇ। ਹਾਲਾਂਕਿ, ਉਨ੍ਹਾਂ ਤਾਕੀਦ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਰਕਾਰ ਦੀ ਲੜਾਈ ਦਾ ਨਾ ਤਾਂ ਸੂਬੇ ਨੂੰ ਕੋਈ ਫਾਇਦਾ ਹੈ ਅਤੇ ਨਾ ਹੀ ਖੁਦ ਆਮ ਆਦਮੀ ਪਾਰਟੀ ਲਈ ਇਹ ਠੀਕ ਹੈ।

ਪੰਜਾਬ ‘ਚ ਨਵੰਬਰ ਮਹੀਨੇ ਦੌਰਾਨ ਵਿਧਾਨ ਸਭਾ ਚੋਣਾਂ ਹੋਣ ਸਬੰਧੀ ਚੱਲ ਰਹੀਆਂ ਚਰਚਾਵਾਂ ਨੂੰ ਖਾਰਜ ਕਰਦਿਆਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਚੋਣਾਂ ਆਪਣੇ ਨਿਰਧਾਰਿਤ ਸਮੇਂ ਸਿਰ ਹੀ ਹੋਣਗੀਆਂ, ਕਿਉਂਕਿ ਦੇਸ਼ ‘ਚ ਜਿਹੜੀ ਜਨਗਣਨਾ (ਸੈਂਸਸ) ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀ, ਉਹ ਸ਼ਾਇਦ ਅੱਗੇ ਪਾਈ ਜਾ ਰਹੀ ਹੈ।

ਦੂਜੇ ਸੂਬਿਆਂ ‘ਚ ਪੰਜਾਬੀਆਂ ਅਤੇ ਸਿੱਖਾਂ ਦੀ ਪਛਾਣ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅੱਜ ਕਿਤੇ ਕਕਾਰ (ਕ੍ਰਿਪਾਨ) ਪਹਿਨਣ ਅਤੇ ਕਿਤੇ ਸਿੱਖੀ ਸਰੂਪ ਨੂੰ ਲੈ ਕੇ ਹੋ ਰਹੇ ਹਮਲੇ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਮੌਜੂਦਾ ਸਮੇਂ ਸਿੱਖ ਵਿਦਵਾਨ ਅਤੇ ਅਗਲੀਆਂ ਕਤਾਰਾਂ ਦੀਆਂ ਸੰਸਥਾਵਾਂ ਆਪਸੀ ਵਿਵਾਦਾਂ ਅਤੇ ਹੋਰ ਗੱਲਾਂ ‘ਚ ਉਲਝੀਆਂ ਹੋਈਆਂ ਹਨ। ਉਨ੍ਹਾਂ ਸਮੂਹ ਧਿਰਾਂ ਨੂੰ ਨਿੱਜੀ ਮੱਤਭੇਦ ਭੁਲਾ ਕੇ ਸਾਂਝੇ ਕੌਮੀ ਹਿੱਤਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਧਰਮ ਯੁੱਧ ਮੋਰਚੇ’ ਦੇ ਕੀਤੇ ਐਲਾਨ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੌਮ ਸਾਹਮਣੇ ਹੋਰ ਕਈ ਅਜਿਹੇ ਅਹਿਮ ਪੰਥਕ ਮੁੱਦੇ ਹਨ, ਜਿਨ੍ਹਾਂ ਵੱਲ ਪਹਿਲ ਦੇ ਅਧਾਰ ‘ਤੇ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਮੁੱਦਿਆਂ ਵਿੱਚ ਮੁੱਖ ਤੌਰ ‘ਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਕਰਵਾ ਕੇ ਉਨ੍ਹਾਂ ਦੀ ਮਾਤਾ ਨਾਲ ਮੁਲਾਕਾਤ ਕਰਵਾਉਣਾ, ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਵਾਉਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਬਕਾਇਆ ਚੋਣਾਂ ਜਲਦ ਕਰਵਾਉਣਾ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁਕੰਮਲ ਰੂਪ ‘ਚ ਖੁੱਲ੍ਹਵਾਉਣਾ ਸ਼ਾਮਲ ਹੈ।​ਉਨ੍ਹਾਂ ਕਿਹਾ ਕਿ ਇਨ੍ਹਾਂ ਗੰਭੀਰ ਮੁੱਦਿਆਂ ਦੇ ਹੱਲ ਲਈ ਸਮੁੱਚੀ ਕੌਮ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: