ਯਾਰਤੀਆਂ ਲਈ ਵੱਡੀ ਖੁਸ਼ਖਬਰੀ, Germany ਵੱਲੋਂ ਬਿਨਾਂ ਵੀਜ਼ਾ ਟ੍ਰਾਂਜ਼ਿਟ ਦਾ ਐਲਾਨ

ਭਾਰਤੀ ਹਵਾਈ ਯਾਤਰੀਆਂ ਤੇ ਵਿਸ਼ਵ ਪੱਧਰ 'ਤੇ ਘੁੰਮਣ-ਫਿਰਨ ਦੇ ਸ਼ੌਕੀਨਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਜਰਮਨੀ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ ਬਿਨਾਂ ਵੀਜ਼ਾ ਟ੍ਰਾਂਜ਼ਿਟ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਹ ਸਹੂਲਤ ਉਨ੍ਹਾਂ ਭਾਰਤੀਆਂ ਨੂੰ ਮਿਲੇਗੀ ਜੋ ਜਰਮਨੀ ਦੇ ਰਸਤੇ ਬ੍ਰਿਟੇਨ ਜਾ ਰਹੇ ਹਨ ਜਾਂ ਉੱਥੋਂ ਵਾਪਸ ਆ ਰਹੇ ਹਨ।ਇਹ ਅਹਿਮ ਵਿਕਾਸ ਜਰਮਨੀ ਦੇ ਚਾਂਸਲਰ ਫ੍ਰੀਡਰਿਕ ਮੇਰਜ਼ ਦੀ ਅਧਿਕਾਰਤ ਭਾਰਤ ਫੇਰੀ ਦੌਰਾਨ ਹੋਇਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ, ਚਾਂਸਲਰ ਦੀ ਫੇਰੀ ਦੇ 27 ਪ੍ਰਮੁੱਖ ਨਤੀਜਿਆਂ 'ਚੋਂ ਇਹ ਇੱਕ ਮਹੱਤਵਪੂਰਨ ਫੈਸਲਾ ਹੈ। ਇਸ ਕਦਮ ਨਾਲ ਲੁਫਥਾਂਸਾ, ਏਅਰ ਇੰਡੀਆ ਤੇ ਭਾਰਤੀ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ, ਹਾਲਾਂਕਿ ਟ੍ਰੈਵਲ ਏਜੰਟ ਅਤੇ ਏਅਰਲਾਈਨਾਂ ਹੁਣ ਇਸ ਦੇ ਲਾਗੂ ਹੋਣ ਦੀ ਨਿਸ਼ਚਿਤ ਮਿਤੀ ਦੀ ਉਡੀਕ ਕਰ ਰਹੀਆਂ ਹਨ।ਇਹ ਫੈਸਲਾ ਛੇ ਸਾਲ ਪਹਿਲਾਂ ਬ੍ਰੈਗਜ਼ਿਟ ਕਾਰਨ ਭਾਰਤੀ ਯਾਤਰੀਆਂ 'ਤੇ ਪਏ ਪ੍ਰਭਾਵਾਂ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਵੇਗਾ। ਬ੍ਰੈਗਜ਼ਿਟ ਦੇ ਸਮੇਂ, ਯੂਕੇ ਅਤੇ ਯੂਰਪੀ ਸੰਘ ਨੇ ਇੱਕ-ਦੂਜੇ ਦੀਆਂ ਏਅਰਲਾਈਨਾਂ ਨੂੰ "ਨੁਕਸਾਨ" ਪਹੁੰਚਾਉਣ ਲਈ ਟ੍ਰਾਂਜ਼ਿਟ ਵੀਜ਼ਾ ਲਾਜ਼ਮੀ ਕਰ ਦਿੱਤਾ ਸੀ। ਉਦਾਹਰਨ ਵਜੋਂ, ਜੇਕਰ ਕੋਈ ਭਾਰਤੀ ਦਿੱਲੀ ਤੋਂ ਫ੍ਰੈਂਕਫਰਟਰਾਹੀਂ ਲੰਡਨ ਜਾਣਾ ਚਾਹੁੰਦਾ ਸੀ ਤਾਂ ਉਸਨੂੰ ਸ਼ੈਂਗੇਨ ਟ੍ਰਾਂਜ਼ਿਟ ਵੀਜ਼ਾ ਦੀ ਲੋੜ ਹੁੰਦੀ ਸੀ।ਇਸ ਸਹੂਲਤ ਦੇ  ਪ੍ਰਭਾਵੀ ਹੋਣ ਤੋਂ ਬਾਅਦ, ਭਾਰਤੀ ਯਾਤਰੀ ਲੁਫਥਾਂਸਾ ਰਾਹੀਂ ਜਰਮਨੀ ਦੇ ਹੱਬਾਂ ਦੀ ਵਰਤੋਂ ਕਰਕੇ ਯੂਕੇ ਆ-ਜਾ ਸਕਣਗੇ।, ਇਸ ਤੋਂ ਇਲਾਵਾ, ਏਅਰ ਇੰਡੀਆ ਲੁਫਥਾਂਸਾ ਨਾਲ ਕੋਡ-ਸ਼ੇਅਰ ਕਰ ਸਕੇਗੀ, ਜਿਸ ਨਾਲ ਜਰਮਨ ਉਡਾਣਾਂ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਵੇਗਾ। ਯੂਕੇ ਲੁਫਥਾਂਸਾ ਅਤੇ ਏਅਰ ਇੰਡੀਆ ਦੋਵਾਂ ਲਈ ਇੱਕ ਬਹੁਤ ਵੱਡਾ ਬਾਜ਼ਾਰ ਹੈ।ਸਰੋਤਾਂ ਅਨੁਸਾਰ, ਇਸ ਵਿਕਾਸ ਨਾਲ ਭਾਰਤੀ ਹੁਣ ਜਰਮਨੀ ਰਾਹੀਂ ਟ੍ਰਾਂਜ਼ਿਟ ਕਰਕੇ ਕੈਰੇਬੀਅਨ ਦੇਸ਼ਾਂ ਵਰਗੇ ਹੋਰ ਵੀਜ਼ਾ-ਮੁਕਤ ਸਥਾਨਾਂ 'ਤੇ ਵੀ ਜਾ ਸਕਣਗੇ। ਹਾਲਾਂਕਿ, ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟਿਕਟ ਬੁੱਕ ਕਰਦੇ ਸਮੇਂ ਟ੍ਰਾਂਜ਼ਿਟ ਵੀਜ਼ਾ ਨਿਯਮਾਂ ਦਾ ਖਾਸ ਧਿਆਨ ਰੱਖਣ। ਅਜੇ ਵੀ ਕਈ ਦੇਸ਼ਾਂ ਜਿਵੇਂ ਕਿ ਅਮਰੀਕਾ ਜਾਂ ਕੈਨੇਡਾ ਰਾਹੀਂ ਟ੍ਰਾਂਜ਼ਿਟ ਕਰਨ ਲਈ ਸਬੰਧਤ ਦੇਸ਼ ਦੇ ਵੀਜ਼ੇ ਦੀ ਲੋੜ ਹੁੰਦੀ ਹੈ।

ਇਸ ਲੇਖ ਨੂੰ ਸਾਂਝਾ ਕਰੋ: