ਗੁਰਦੀਪ ਰੰਧਾਵਾ ਦੀ ਸ਼ਿਕਾਇਤ ਕਰਨ ਜਥੇਦਾਰ ਕੋਲ ਪਹੁੰਚੇ MP ਸੁਖਜਿੰਦਰ ਰੰਧਾਵਾ

ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਸਮੇਂ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀਆਂ ਦਸਤਾਰਾਂ ਉਤਾਰਨ ਅਤੇ ‘ਆਪ’ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਦਸਤਾਰ ਬਾਰੇ ਵਰਤੀ ਸ਼ਬਦਾਬਲੀ ਸੰਬੰਧੀ ਮਾਮਲੇ ‘ਤੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੱਲ੍ਹ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ‘ਚ ਉਨ੍ਹਾਂ ਦੇ ਵਰਕਰਾਂ ਨੇ ਡੇਰਾ ਬਾਬਾ ਨਾਨਕ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਵਿਰੋਧੀ ਧਿਰ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਦਸਤਾਰਾਂ ਲਾਹੀਆਂ।

ਉਸ ਤੋਂ ਬਾਅਦ ਗੁਰਦੀਪ ਸਿੰਘ ਰੰਧਾਵਾ ਨੇ ਮੀਡੀਆ ਨੂੰ ਨਾਲ ਗੱਲਬਾਤ ਕਰਦੇ ਹੋਏ ਕਿਹਾ “ਦਸਤਾਰਾਂ ਨੂੰ ਕਿਹੜਾ ਕਿੱਲਾਂ ਲੱਗੀਆਂ ਹੁੰਦੀਆਂ ਹਨ, ਇਹ ਤਾਂ ਲੱਥਦੀਆਂ ਹੀ ਹੁੰਦੀਆਂ ਹਨ। ਇਸ ਬਿਆਨ ਦਾ ਕਾਂਗਰਸ ਆਗੂਆਂ ਨੇ ਵਿਰੋਧ ਕੀਤਾ ਹੈ ਅਤੇ ਸਿੱਖੀ ਸਿਧਾਤਾਂ ਦੇ ਉਲਟ ਦੱਸਿਆ ਹੈ |

ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਿਖਤੀ ਰੂਪ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਰਖਾਸਤ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਗੁਰਦੀਪ ਸਿੰਘ ਰੰਧਾਵਾ ਵਿਰੁੱਧ ਸਿੱਖ ਪਰੰਪਰਾ ਤੇ ਮਰਿਯਾਦਾ ਅਨੁਸਾਰ ਤੁਰੰਤ ਢੁੱਕਵੀਂ ਕਾਰਵਾਈ ਮੰਗ ਕੀਤੀ ਹੈ।

Share this article: