ਬਰਨਬੀ ਹਸਪਤਾਲ ਵਿੱਚ ਅੱਗਜ਼ਨੀ ਦੇ ਮਾਮਲੇ ’ਚ ਅਲਬਰਟਾ ਦੇ ਵਿਅਕਤੀ ’ਤੇ ਦੋਸ਼

ਬਰਨਬੀ ਆਰਸੀਐਮਪੀ ਮੁਤਾਬਕ ਬਰਨਬੀ ਹਸਪਤਾਲ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਅਲਬਰਟਾ ਦੇ ਇੱਕ ਵਿਅਕਤੀ ਖ਼ਿਲਾਫ਼ ਅੱਗਜ਼ਨੀ ਸਮੇਤ ਮਨੁੱਖੀ ਜ਼ਿੰਦਗੀ ਦੀ ਪਰਵਾਹ ਨਾ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਕਾਰਵਾਈ ਲਗਭਗ ਛੇ ਸਾਲ ਚੱਲੀ ਜਾਂਚ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਅਲਬਰਟਾ ਦੀਆਂ ਕਈ ਪੁਲਿਸ ਏਜੰਸੀਆਂ ਨੇ ਸਹਿਯੋਗ ਕੀਤਾ। ਪੁਲਿਸ ਮੁਤਾਬਕ 15 ਨਵੰਬਰ 2020 ਦੀ ਸ਼ਾਮ ਨੂੰ ਬਰਨਬੀ ਹਸਪਤਾਲ ਵਿੱਚ ਅੱਗ ਲੱਗੀ ਸੀ ਅਤੇ ਅਗਲੇ ਦਿਨ ਅਧਿਕਾਰੀਆਂ ਨੇ ਇਸ ਸਬੰਧੀ ਜਾਂਚ ਸ਼ੁਰੂ ਕੀਤੀ। ਇੱਕ ਮਹੀਨੇ ਬਾਅਦ ਪੁਲਿਸ ਨੇ ਪੁਸ਼ਟੀ ਕੀਤੀ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ ਅਤੇ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ। 2021 ਵਿੱਚ ਪੁਲਿਸ ਨੇ ਉਸੇ ਵਿਅਕਤੀ ਦੀ ਵੀਡੀਓ ਜਾਰੀ ਕਰਕੇ ਉਸ ਨੂੰ ਸ਼ੱਕੀ ਦੱਸਿਆ। ਸਾਲ 2023 ਵਿੱਚ ਜਾਂਚਕਰਤਾਵਾਂ ਨੇ ਇੱਕ ਸ਼ੱਕੀ ਦੀ ਪਛਾਣ ਕੀਤੀ, ਜੋ ਅਲਬਰਟਾ ਚਲਾ ਗਿਆ ਸੀ। ਇਸ ਤੋਂ ਬਾਅਦ ਬਰਨਬੀ ਆਰਸੀਐਮਪੀ ਨੇ ਐਡਮੰਟਨ ਪੁਲਿਸ, ਅਲਬਰਟਾ ਆਰਸੀਐਮਪੀ ਅਤੇ ਸਟ੍ਰੈਥਕੋਨਾ ਕਾਊਂਟੀ ਆਰਸੀਐਮਪੀ ਨਾਲ ਮਿਲ ਕੇ ਜਾਂਚ ਅੱਗੇ ਵਧਾਈ। ਪਿਛਲੇ ਹਫ਼ਤੇ 29 ਸਾਲਾ ਯੂ ਯੂਨ ਵਾਂਗ ਖ਼ਿਲਾਫ਼ ਦੋਸ਼ ਲਗਾਏ ਗਏ। ਪੁਲਿਸ ਅਨੁਸਾਰ ਵਾਂਗ ਇਸ ਸਮੇਂ ਅਲਬਰਟਾ ਵਿੱਚ ਇੱਕ ਹੋਰ ਮਾਮਲੇ ਤਹਿਤ ਹਿਰਾਸਤ ਵਿੱਚ ਹੈ।

ਇਸ ਲੇਖ ਨੂੰ ਸਾਂਝਾ ਕਰੋ: