ਮਾਰਕ ਕਾਰਨੀ ਵੱਲੋਂ ਲਿਬਰਲ ਕਾਕਸ ਨੂੰ ਸੰਬੋਧਨ, ਯੂਰਪ ਨਾਲ ਮਜ਼ਬੂਤ ਸਬੰਧਾਂ ’ਤੇ ਧਿਆਨ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਓਟਾਵਾ ਵਿੱਚ ਆਪਣੀ ਲਿਬਰਲ ਪਾਰਟੀ ਦੇ ਕਾਕਸ ਨੂੰ ਸੰਬੋਧਨ ਕਰਨਗੇ। ਇਹ ਮੀਟਿੰਗ ਸੋਮਵਾਰ ਤੋਂ ਹਾਊਸ ਆਫ਼ ਕਾਮਨਜ਼ ਦੇ ਪਤਝੜੀ ਸੈਸ਼ਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਹੋ ਰਹੀ ਹੈ। ਸੈਸ਼ਨ ਦੌਰਾਨ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਪਹਿਲੇ ਬਿੱਲਾਂ ਵਿੱਚੋਂ ਇੱਕ, 2 ਸਤੰਬਰ ਨੂੰ ਕਾਰਨੀ ਵੱਲੋਂ ਐਲਾਨੇ ਗਏ ਫਿਊਲ ਐਕਸਾਈਜ਼ ਟੈਕਸ ਦੀ ਮਿਆਦ ਵਧਾਉਣ ਨਾਲ ਸਬੰਧਤ ਹੋਵੇਗਾ। ਇਸ ਦੌਰਾਨ ਕਾਰਨੀ ਵੀਰਵਾਰ ਨੂੰ ਫਰਾਂਸ ਦੇ ਸਟ੍ਰਾਸਬਰਗ ਤੋਂ ਵਾਪਸ ਪਰਤੇ ਹਨ, ਜਿੱਥੇ ਉਨ੍ਹਾਂ ਨੇ ਯੂਰਪ ਨਾਲ ਵਪਾਰ, ਰੱਖਿਆ ਅਤੇ ਲੋਕਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਇਹ ਕਦਮ ਕੈਨੇਡਾ ਦੀ ਅਮਰੀਕਾ ’ਤੇ ਨਿਰਭਰਤਾ ਘਟਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਦਾ ਹਿੱਸਾ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਨੇ ਕਿਹਾ ਹੈ ਕਿ ਉਹ ਕੈਨੇਡਾ ਨੂੰ ਯੂਰਪੀ ਸੰਘ ਦਾ ਪਹਿਲਾ “ਐਸੋਸੀਏਟ ਮੈਂਬਰ” ਬਣਾਉਣਾ ਚਾਹੁੰਦੀ ਹੈ। ਯੂਰਪੀ ਸੰਸਦ ਵਿੱਚ ਵੀਰਵਾਰ ਨੂੰ ਇਤਿਹਾਸਕ ਸੰਬੋਧਨ ਦੌਰਾਨ ਕਾਰਨੀ ਨੇ ਕਿਹਾ ਕਿ ਉਹ ਇਸ ਇੱਛਾ ਦਾ ਸਵਾਗਤ ਕਰਦੇ ਹਨ। ਹਾਲਾਂਕਿ, ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਦੀ ਸੰਸਦ ਵੱਲੋਂ ਵੋਟਿੰਗ ਕੀਤੇ ਜਾਣ ਤੋਂ ਪਹਿਲਾਂ ਉਹ ਯੂਰਪੀ ਸੰਘ ਨਾਲ ਕੋਈ ਨਵਾਂ ਸਮਝੌਤਾ ਸਾਈਨ ਨਹੀਂ ਕਰਨਗੇ।