ਅੰਮ੍ਰਿਤਸਰ ਏਅਰਪੋਰਟ ਨੇੜੇ ਸ਼ੱਕੀ ਡਰੋਨ ਦਿਖਾਈ ਦਿੱਤੇ, ਤਿੰਨ ਉਡਾਣਾਂ ਡਾਇਵਰਟ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਐਤਵਾਰ ਦੇਰ ਰਾਤ ਸ਼ੱਕੀ ਡਰੋਨ ਦਿਖਾਈ ਦੇਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਰਨਵੇ ਆਪਰੇਸ਼ਨ ਅਸਥਾਈ ਤੌਰ ’ਤੇ ਰੋਕ ਦਿੱਤੇ ਗਏ। ਇਸ ਕਾਰਨ ਅੰਮ੍ਰਿਤਸਰ ਆ ਰਹੀਆਂ ਤਿੰਨ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਡਾਇਵਰਟ ਕਰਨਾ ਪਿਆ। ਹਾਲਾਂਕਿ, ਰਾਤ ਕਰੀਬ 10:15 ਵਜੇ ਹਵਾਈ ਅੱਡੇ ਦਾ ਸੰਚਾਲਨ ਮੁੜ ਆਮ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ, ਐਤਵਾਰ ਰਾਤ ਕਰੀਬ 9:30 ਵਜੇ ਹਵਾਈ ਅੱਡੇ ’ਤੇ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਨੇ ਹਵਾਈ ਅੱਡੇ ਦੇ ਅੰਦਰ ਅਤੇ ਆਲੇ-ਦੁਆਲੇ ਅਸਮਾਨ ਵਿੱਚ ਦੋ ਤੋਂ ਤਿੰਨ ਡਰੋਨ ਉੱਡਦੇ ਦੇਖੇ। ਜਵਾਨਾਂ ਨੇ ਤੁਰੰਤ ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।
ਸ਼ੱਕੀ ਡਰੋਨ ਦਿਖਾਈ ਦੇਣ ਤੋਂ ਬਾਅਦ ਹਵਾਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਤਿੰਨ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ।
ਏਅਰ ਇੰਡੀਆ AI-855: ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਉਡਾਣ ਨੂੰ ਵਾਪਸ ਦਿੱਲੀ ਭੇਜਿਆ ਗਿਆ।
ਇੰਡੀਗੋ 6E-5028: ਮੁੰਬਈ ਤੋਂ ਆ ਰਹੀ ਉਡਾਣ ਨੂੰ ਚੰਡੀਗੜ੍ਹ ਵੱਲ ਡਾਇਵਰਟ ਕੀਤਾ ਗਿਆ।
ਮਲੇਸ਼ੀਆ ਏਅਰਲਾਈਨਜ਼ MH-118: ਕੁਆਲਾਲੰਪੁਰ ਤੋਂ ਆ ਰਹੀ ਉਡਾਣ ਨੂੰ ਦਿੱਲੀ ਭੇਜਿਆ ਗਿਆ।
ਉਡਾਣਾਂ ਦੇ ਅਚਾਨਕ ਪ੍ਰਭਾਵਿਤ ਹੋਣ ਕਾਰਨ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਅਤੇ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਸਪੱਸ਼ਟ ਜਵਾਬ ਨਹੀਂ ਦੇ ਰਿਹਾ।
ਇਸ ਤੋਂ ਪਹਿਲਾਂ 6 ਸਤੰਬਰ ਨੂੰ ਵੀ ਅੰਮ੍ਰਿਤਸਰ ਹਵਾਈ ਅੱਡੇ ਦੇ ਨੇੜੇ ਸ਼ੱਕੀ ਡਰੋਨ ਉੱਡਦੇ ਦੇਖੇ ਗਏ ਸਨ। ਰਾਤ ਕਰੀਬ 9:40 ਤੋਂ 9:50 ਵਜੇ ਦੇ ਵਿਚਕਾਰ ਰਨਵੇ ਅਤੇ ਆਪਰੇਸ਼ਨਲ ਖੇਤਰ ਦੇ ਨੇੜੇ ਡਰੋਨ ਦਿਖਾਈ ਦੇਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਹਵਾਈ ਅੱਡੇ ਦਾ ਸੰਚਾਲਨ ਲਗਭਗ 90 ਮਿੰਟ ਲਈ ਰੋਕ ਦਿੱਤਾ ਗਿਆ ਸੀ।
ਉਸ ਘਟਨਾ ਕਾਰਨ ਮਲੇਸ਼ੀਆ ਏਅਰਲਾਈਨਜ਼, ਏਅਰ ਇੰਡੀਆ ਅਤੇ ਇੰਡੀਗੋ ਸਮੇਤ ਵੱਖ-ਵੱਖ ਏਅਰਲਾਈਨਾਂ ਦੀਆਂ ਸੱਤ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਇਨ੍ਹਾਂ ਵਿੱਚੋਂ ਕਈ ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕੀਤਾ ਗਿਆ ਸੀ।
ਉਸ ਸਮੇਂ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਡਰੋਨ ਹਵਾਈ ਅੱਡੇ ਦੇ ਨੇੜਲੇ ਇੱਕ ਪਿੰਡ ਵਿੱਚ ਚੱਲ ਰਹੇ ਖੇਡ ਮੁਕਾਬਲੇ ਦੌਰਾਨ ਉਡਾਏ ਜਾ ਰਹੇ ਸਨ। ਹਾਲਾਂਕਿ, ਤਾਜ਼ਾ ਘਟਨਾ ਵਿੱਚ ਦਿਖਾਈ ਦਿੱਤੇ ਡਰੋਨਾਂ ਦੀ ਪ੍ਰਕਿਰਤੀ ਅਤੇ ਉਨ੍ਹਾਂ ਦੇ ਸਰੋਤ ਬਾਰੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।