ਅਲਬਰਟਾ ਦੇ ਵੱਖ ਹੋਣ ਬਾਰੇ ਰੈਫਰੈਂਡਮ ਤੋਂ ਪਹਿਲਾਂ ਮਾਰਕ ਕਾਰਨੀ ਕਰਨਗੇ ‘ਫੋਰਐਵਰ ਕੈਨੇਡੀਅਨ’ ਰੈਲੀਆਂ ਵਿੱਚ ਸ਼ਿਰਕਤ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫ਼ਤੇ ਅਲਬਰਟਾ ਵਿੱਚ ‘ਫੋਰਐਵਰ ਕੈਨੇਡੀਅਨ’ ਮੁਹਿੰਮ ਦੀਆਂ ਦੋ ਰੈਲੀਆਂ ਵਿੱਚ ਸ਼ਾਮਲ ਹੋਣਗੇ। ਇਹ ਰੈਲੀਆਂ ਸੂਬੇ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ। ਇਸ ਰੈਫਰੈਂਡਮ ਵਿੱਚ ਵੋਟਰਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਅਲਬਰਟਾ ਨੂੰ ਭਵਿੱਖ ਵਿੱਚ ਕੈਨੇਡਾ ਤੋਂ ਵੱਖ ਕਰਨ ਲਈ ਰੈਫਰੈਂਡਮ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਸੰਵਿਧਾਨਕ ਅਤੇ ਇਮੀਗ੍ਰੇਸ਼ਨ ਮੁੱਦਿਆਂ ਨਾਲ ਸਬੰਧਤ ਨੌਂ ਹੋਰ ਸਵਾਲ ਵੀ ਵੋਟਿੰਗ ਵਿੱਚ ਸ਼ਾਮਲ ਹਨ।

ਅਲਬਰਟਾ ਦੇ ਸਾਬਕਾ ਡਿਪਟੀ ਪ੍ਰੀਮੀਅਰ ਥੌਮਸ ਲੁਕਾਸਜ਼ੁਕ ਵੱਲੋਂ ਸ਼ੁਰੂ ਕੀਤੀ ਗਈ ‘ਫੋਰਐਵਰ ਕੈਨੇਡੀਅਨ’ ਮੁਹਿੰਮ ਦਾ ਮਕਸਦ ਲੋਕਾਂ ਨੂੰ ਕੈਨੇਡਾ ਨਾਲ ਬਣੇ ਰਹਿਣ ਦੇ ਹੱਕ ਵਿੱਚ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਕਾਰਨੀ 15 ਅਕਤੂਬਰ ਨੂੰ ਕੈਲਗਰੀ ਅਤੇ 16 ਅਕਤੂਬਰ ਨੂੰ ਐਡਮੰਟਨ ਵਿੱਚ ਹੋਣ ਵਾਲੀਆਂ ਰੈਲੀਆਂ ਵਿੱਚ ਸ਼ਾਮਲ ਹੋਣਗੇ।

ਅਲਬਰਟਾ ਵਿੱਚ ਪਲੇ-ਵਧੇ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਆਰਥਿਕਤਾ, ਸੁਰੱਖਿਆ ਅਤੇ ਸੱਭਿਆਚਾਰ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਤਾਂ ਹੀ ਮਜ਼ਬੂਤੀ ਨਾਲ ਕਰ ਸਕਦਾ ਹੈ, ਜੇ ਦੇਸ਼ ਇਕਜੁੱਟ ਰਹੇ। ਉਨ੍ਹਾਂ ਪੱਛਮੀ ਤੱਟ ਤੱਕ ਪ੍ਰਸਤਾਵਿਤ ਨਵੀਂ ਪਾਈਪਲਾਈਨ ਸਮੇਤ ਅਲਬਰਟਾ ਵਿੱਚ ਫੈਡਰਲ ਸਰਕਾਰ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਏਵ ਵੀ 16 ਅਕਤੂਬਰ ਨੂੰ ਕੈਲਗਰੀ ਵਿੱਚ ਕੈਨੇਡੀਅਨ ਏਕਤਾ ਦੇ ਹੱਕ ਵਿੱਚ ਭਾਸ਼ਣ ਦੇਣਗੇ। ਉਨ੍ਹਾਂ ਤੋਂ ਬਾਅਦ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਸੰਬੋਧਨ ਦੀ ਵੀ ਉਮੀਦ ਹੈ।

ਇਸ ਲੇਖ ਨੂੰ ਸਾਂਝਾ ਕਰੋ: