ਅਮਰੀਕੀ ਟੈਰਿਫਾਂ ਤੋਂ ਪ੍ਰਭਾਵਿਤ ਸਟੀਲ ਅਤੇ ਆਟੋ ਸੈਕਟਰ ਲਈ ਨਵੇਂ ਸਹਾਇਤਾ ਪੈਕੇਜ ਦਾ ਐਲਾਨ ਕਰਨਗੇ ਕਾਰਨੀ ਅਤੇ ਫੋਰਡ
ਅਮਰੀਕੀ ਟੈਰਿਫਾਂ ਕਾਰਨ ਪ੍ਰਭਾਵਿਤ ਕੈਨੇਡਾ ਦੇ ਸਟੀਲ ਅਤੇ ਆਟੋ ਸੈਕਟਰ ਨੂੰ ਸਹਾਰਾ ਦੇਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨਵੇਂ ਸਹਾਇਤਾ ਪੈਕੇਜ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੇ ਹਨ। ਕਾਰਨੀ ਦੇ ਪ੍ਰੋਗਰਾਮ ਮੁਤਾਬਕ, ਉਹ ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ’ਤੇ ਫੋਰਡ ਨਾਲ ਮੁਲਾਕਾਤ ਕਰਨਗੇ ਅਤੇ ਇਸ ਤੋਂ ਬਾਅਦ ਦੋਵੇਂ ਆਗੂ ਸਾਂਝੇ ਤੌਰ ’ਤੇ ਐਲਾਨ ਕਰਨਗੇ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਮੁਤਾਬਕ, ਸਟੀਲ ਅਤੇ ਆਟੋ ਸੈਕਟਰ ਤੋਂ ਇਲਾਵਾ, ਮਹੱਤਵਪੂਰਨ ਖਣਿਜਾਂ ਦੇ ਖੇਤਰ ਲਈ ਸਹਾਇਤਾ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਪੈਕੇਜ ਦੇ ਪੂਰੇ ਵੇਰਵੇ ਅਜੇ ਸਾਹਮਣੇ ਨਹੀਂ ਆਏ। ਇਸ ਐਲਾਨ ਮੌਕੇ ਕਾਰਨੀ ਅਤੇ ਫੋਰਡ ਦੇ ਵਿੱਤ ਮੰਤਰੀਆਂ ਦੇ ਵੀ ਮੌਜੂਦ ਰਹਿਣ ਦੀ ਉਮੀਦ ਹੈ। ਇਸ ਦੌਰਾਨ, ਫੈਡਰਲ ਵਿੱਤ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਕਾਰਨੀ ਸਰਕਾਰ ਆਪਣਾ ਦੂਜਾ ਫੈਡਰਲ ਬਜਟ 5 ਨਵੰਬਰ ਨੂੰ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਅੱਜ ਬਾਅਦ ਵਿੱਚ ਤੁਰਕੀ ਦੇ ਸ਼ਹਿਰ ਅੰਕਾਰਾ ਲਈ ਰਵਾਨਾ ਹੋਣਗੇ।