ਬੀ.ਸੀ. ਵਿੱਚ ਫਲੂ ਸੀਜ਼ਨ ਨੇ ਜਲਦੀ ਦਿੱਤੀ ਦਸਤਕ, ਬਜ਼ੁਰਗਾਂ ਨੂੰ ਵੱਧ ਖ਼ਤਰਾ
ਹੈਲਥ ਕੈਨੇਡਾ ਦੇ ਨਵੇਂ ਅੰਕੜਿਆਂ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਾਲ ਫਲੂ ਸੀਜ਼ਨ ਆਮ ਨਾਲੋਂ ਪਹਿਲਾਂ ਸ਼ੁਰੂ ਹੋ ਗਿਆ ਹੈ ਅਤੇ ਸੂਬੇ ਵਿੱਚ ਫਲੂ ਦੇ ਮਾਮਲੇ ਵਧ ਰਹੇ ਹਨ। ਅੰਕੜਿਆਂ ਅਨੁਸਾਰ, 4 ਅਕਤੂਬਰ ਵਾਲੇ ਹਫ਼ਤੇ ਦੌਰਾਨ ਕੀਤੇ ਗਏ ਫਲੂ ਟੈਸਟਾਂ ਵਿੱਚੋਂ ਪੰਜ ਫ਼ੀਸਦੀ ਤੋਂ ਵੱਧ ਦੇ ਨਤੀਜੇ ਪਾਜ਼ਿਟਿਵ ਆਏ। ਇਨ੍ਹਾਂ ਵਿੱਚੋਂ 98.4 ਫ਼ੀਸਦੀ ਮਾਮਲੇ Influenza A(H1N1) ਦੇ ਸਨ। 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਵੈਨਕੂਵਰ ਇਨਫੈਕਸ਼ਸ ਡਿਜ਼ੀਜ਼ ਸੈਂਟਰ ਦੇ ਮੈਡੀਕਲ ਡਾਇਰੈਕਟਰ ਡਾ. ਬ੍ਰਾਇਨ ਕਾਨਵੇਅ ਮੁਤਾਬਕ, ਜਦੋਂ ਫਲੂ ਟੈਸਟਾਂ ਵਿੱਚ ਪਾਜ਼ਿਟਿਵ ਆਉਣ ਦੀ ਦਰ ਪੰਜ ਫ਼ੀਸਦੀ ਤੋਂ ਵੱਧ ਹੋ ਜਾਂਦੀ ਹੈ, ਤਾਂ ਸਾਹ ਨਾਲ ਜੁੜੇ ਵਾਇਰਸਾਂ ਦਾ ਸੀਜ਼ਨ ਸ਼ੁਰੂ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਤੰਬਰ ਦੇ ਅਖੀਰ ਵਿੱਚ ਕੁਝ ਥਾਵਾਂ ’ਤੇ ਇਹ ਦਰ 14 ਫ਼ੀਸਦੀ ਤੋਂ ਵੀ ਵੱਧ ਸੀ ਅਤੇ ਹੁਣ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਡਾਕਟਰਾਂ ਨੇ ਲੋਕਾਂ ਨੂੰ ਫਲੂ ਦੀ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਸੂਬੇ ਦੀ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਮੁਤਾਬਕ, ਇਸ ਸੀਜ਼ਨ ਵਿੱਚ ਫਲੂ, ਕੋਵਿਡ-19, RSV ਅਤੇ ਨਿਊਮੋਕੋਕਲ ਬਿਮਾਰੀ ਤੋਂ ਬਚਾਅ ਲਈ ਮੁਫ਼ਤ ਵੈਕਸੀਨ ਉਪਲਬਧ ਹੋਵੇਗੀ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ, 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਗਰਭਵਤੀ ਔਰਤਾਂ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਗੰਭੀਰ ਬਿਮਾਰੀ ਦਾ ਵੱਧ ਖ਼ਤਰਾ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ਵੈਕਸੀਨ ਲਗਵਾਉਣ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਗਈ ਹੈ।