ਦਿਲਜੀਤ ਦੋਸਾਂਝ ਦੇ ਦਿੱਲੀ ਸੰਗੀਤ ਕੰਸਰਟ ਨੂੰ ਮਿਲੀ ਇਜਾਜ਼ਤ
ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੇ “ਔਰਾ ਇੰਡੀਆ ਟੂਰ” ਦੇ ਹਿੱਸੇ ਵਜੋਂ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਵਾਲੇ ਸੰਗੀਤ ਕੰਸਰਟ ‘ਤੇ ਦਿੱਲੀ ਪੁਲਿਸ ਨੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਹੁਣ ਇਸ ਮਾਮਲੇ ਸੰਬੰਧੀ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ।
ਮੁੜ ਵਿਚਾਰ ਕਰਨ ਤੋਂ ਬਾਅਦ, ਦਿੱਲੀ ਪੁਲਿਸ ਨੇ ਦਿਲਜੀਤ ਦੋਸਾਂਝ ਦੇ ਸੰਗੀਤ ਕੰਸਰਟ ਲਈ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਮਾਮਲੇ ਸੰਬੰਧੀ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ। ਪ੍ਰਬੰਧਕਾਂ ਨੇ ਸੁਰੱਖਿਆ ਚਿੰਤਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਆਪਣੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ। ਇਸ ਤੋਂ ਬਾਅਦ, ਸੰਗੀਤ ਕੰਸਰਟ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਜਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਦੱਖਣੀ ਜ਼ਿਲ੍ਹੇ ਨੇ 21 ਅਕਤੂਬਰ ਨੂੰ ਇਸ ਸਬੰਧ ‘ਚ ਇੱਕ ਆਦੇਸ਼ ਜਾਰੀ ਕੀਤਾ। ਪੁਲਿਸ ਦੇ ਆਦੇਸ਼ ਦੇ ਅਨੁਸਾਰ, ਸੰਗੀਤ ਕੰਸਰਟ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੇ ਕਈ ਕਾਰਨ ਦੱਸੇ ਗਏ ਸਨ। ਇਨ੍ਹਾਂ ‘ਚ ਸੰਭਾਵੀ ਸੁਰੱਖਿਆ ਖਤਰਿਆਂ, ਤਿਉਹਾਰਾਂ ਦੌਰਾਨ ਸੁਰੱਖਿਆ ਜ਼ਿੰਮੇਵਾਰੀਆਂ ਅਤੇ ਹੋਰ ਕਾਨੂੰਨ ਵਿਵਸਥਾ ਸੰਬੰਧੀ ਚਿੰਤਾਵਾਂ ਨਾਲ ਸਬੰਧਤ ਜਾਣਕਾਰੀ ਸ਼ਾਮਲ ਸੀ। ਪੁਲਿਸ ਨੇ ਆਪਣੇ ਪੱਤਰ ‘ਚ ਸਪੱਸ਼ਟ ਕੀਤਾ ਸੀ ਕਿ ਸਮਾਗਮ ਲਈ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।