ਕਰਿਆਨੇ ਦੀਆਂ ਕੀਮਤਾਂ ਘਟਾਉਣ ਲਈ ਐਨ.ਡੀ.ਪੀ. ਅਤੇ ਗ੍ਰੀਨ ਪਾਰਟੀ ਦੇ ਪ੍ਰਸਤਾਵ, ਕੰਜ਼ਰਵੇਟਿਵਾਂ ਦਾ ਟੈਕਸ ਕਟੌਤੀ ’ਤੇ ਜ਼ੋਰ
BC Provincial Election ਦੌਰਾਨ ਮਹਿੰਗਾਈ ਤੋਂ ਰਾਹਤ ਦੇਣ ਲਈ ਐਨ.ਡੀ.ਪੀ. ਅਤੇ ਗ੍ਰੀਨ ਪਾਰਟੀ ਨੇ Grocery ਦੀਆਂ ਕੀਮਤਾਂ ਘਟਾਉਣ ਦੀਆਂ ਯੋਜਨਾਵਾਂ ਪੇਸ਼ ਕੀਤੀਆਂ ਹਨ, ਜਦਕਿ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਟੈਕਸ ਘਟਾਉਣ ਨਾਲ ਲੋਕਾਂ ਕੋਲ ਵਧੇਰੇ ਪੈਸਾ ਬਚੇਗਾ। ਐਨ.ਡੀ.ਪੀ. ਆਗੂ ਡੇਵਿਡ ਈਬੀ ਨੇ ਦੁੱਧ, ਅੰਡੇ, ਪਨੀਰ, ਮੱਖਣ ਅਤੇ ਪੋਲਟਰੀ ਵਰਗੀਆਂ ਜ਼ਰੂਰੀ ਚੀਜ਼ਾਂ ’ਤੇ ਦੁਕਾਨਦਾਰਾਂ ਵੱਲੋਂ ਰੱਖੇ ਜਾਣ ਵਾਲੇ ਮੁਨਾਫ਼ੇ ਦੀ ਹੱਦ ਤੈਅ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪਾਰਟੀ ਮੁਤਾਬਕ, ਇਸ ਨਾਲ ਚਾਰ ਮੈਂਬਰਾਂ ਵਾਲੇ ਪਰਿਵਾਰ ਨੂੰ ਸਾਲਾਨਾ 700 ਡਾਲਰ ਤੱਕ ਦੀ ਬਚਤ ਹੋ ਸਕਦੀ ਹੈ। ਦੂਜੇ ਪਾਸੇ, ਬੀ.ਸੀ. ਗ੍ਰੀਨ ਪਾਰਟੀ 100 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ 20 ਕਰਿਆਨਾ ਦੁਕਾਨਾਂ ਖੋਲ੍ਹਣਾ ਚਾਹੁੰਦੀ ਹੈ, ਜਿੱਥੇ ਜ਼ਰੂਰੀ ਵਸਤਾਂ ਬਾਜ਼ਾਰ ਦੀਆਂ ਕੀਮਤਾਂ ਨਾਲੋਂ 30 ਫ਼ੀਸਦੀ ਸਸਤੀਆਂ ਵੇਚਣ ਦਾ ਟੀਚਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਕੀਮਤਾਂ ’ਤੇ ਹੱਦ ਲਾਉਣ ਨਾਲ ਕੁਝ ਚੀਜ਼ਾਂ ਅਸਥਾਈ ਤੌਰ ’ਤੇ ਸਸਤੀਆਂ ਹੋ ਸਕਦੀਆਂ ਹਨ, ਪਰ ਦੁਕਾਨਦਾਰ ਹੋਰ ਵਸਤਾਂ ਦੀਆਂ ਕੀਮਤਾਂ ਵਧਾ ਸਕਦੇ ਹਨ। ਸਰਕਾਰੀ ਦੁਕਾਨਾਂ ਚਲਾਉਣ ਲਈ ਵੀ ਲਗਾਤਾਰ ਖਰਚਾ ਕਰਨਾ ਪਵੇਗਾ। ਇਸ ਦੇ ਉਲਟ, ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਲੌਰਨ ਡੋਰਕਸਨ ਨੇ ਸੂਬਾਈ ਇਨਕਮ ਟੈਕਸ ਘਟਾਉਣ ਅਤੇ ਕਿਸਾਨਾਂ ਲਈ ਰੁਕਾਵਟਾਂ ਘਟਾਉਣ ਦਾ ਵਾਅਦਾ ਕੀਤਾ ਹੈ। ਪਾਰਟੀ ਮੁਤਾਬਕ, ਇਸ ਯੋਜਨਾ ਨਾਲ ਇੱਕ ਕੰਮਕਾਜੀ ਵਿਅਕਤੀ ਨੂੰ ਸਾਲਾਨਾ 1,000 ਡਾਲਰ ਅਤੇ ਇੱਕ ਆਮ ਜੋੜੇ ਨੂੰ 2,000 ਡਾਲਰ ਤੱਕ ਦੀ ਬਚਤ ਹੋ ਸਕਦੀ ਹੈ।