ਹੈਮਿਲਟਨ 'ਚ ਇੱਕ ਤੋਂ ਬਾਅਦ ਇੱਕ ਦੋ ਚਾਕੂ ਹਮਲੇ, ਪੁਲਿਸ ਨੇ ਚਾਕੂ ਸਮੇਤ ਮੁਲਜ਼ਮ ਦਬੋਚਿਆ
ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਇੱਕੋ ਰਾਤ ਦੋ ਵੱਖ-ਵੱਖ ਚਾਕੂ ਹਮਲਿਆਂ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਪੁਲਿਸ ਮੁਤਾਬਕ 29 ਅਕਤੂਬਰ ਦੀ ਰਾਤ ਕਰੀਬ 8 ਵਜੇ James Street ਇਲਾਕੇ ਵਿੱਚ ਚਾਕੂ ਨਾਲ ਹਮਲੇ ਦੀ ਸੂਚਨਾ ਮਿਲੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ 37 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜਿਸ ਦੇ ਸਰੀਰ 'ਤੇ ਚਾਕੂ ਦੇ ਕਈ ਵਾਰ ਕੀਤੇ ਗਏ ਸਨ। ਪੁਲਿਸ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ। ਇਸ ਘਟਨਾ ਤੋਂ ਕੁਝ ਹੀ ਸਮੇਂ ਬਾਅਦ York Boulevard ਇਲਾਕੇ ਵਿੱਚ ਇੱਕ ਹੋਰ ਚਾਕੂ ਹਮਲੇ ਦੀ ਸੂਚਨਾ ਮਿਲੀ, ਜਿੱਥੇ 39 ਸਾਲਾ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਸ ਦੀਆਂ ਸੱਟਾਂ ਗੰਭੀਰ ਸਨ, ਹਾਲਾਂਕਿ ਪੁਲਿਸ ਨੇ ਦੱਸਿਆ ਕਿ ਦੋਵੇਂ ਪੀੜਤਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ। ਦੋਵਾਂ ਘਟਨਾਵਾਂ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ York Boulevard 'ਤੇ ਇੱਕ 24 ਸਾਲਾ ਵਿਅਕਤੀ ਨੂੰ ਹੱਥ ਵਿੱਚ ਚਾਕੂ ਫੜ ਕੇ ਜਾਂਦੇ ਹੋਏ ਦੇਖਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਦੋ Aggravated Assault, ਪ੍ਰੋਬੇਸ਼ਨ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਤਿੰਨ ਅਤੇ ਰਿਲੀਜ਼ ਆਰਡਰ ਦੀ ਉਲੰਘਣਾ ਦਾ ਇੱਕ ਦੋਸ਼ ਲਗਾਇਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਹਮਲੇ ਬਿਨਾਂ ਕਿਸੇ ਭੜਕਾਹਟ ਦੇ ਅਤੇ ਬੇਤਰਤੀਬੇ ਢੰਗ ਨਾਲ ਕੀਤੇ ਗਏ ਸਨ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮ ਨੇ ਦੋ ਵੱਖ-ਵੱਖ ਵਿਅਕਤੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ।