ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਕਾਰਨੀ ਅਤੇ ਟਰੰਪ ਵਿਚਾਲੇ ਗੱਲਬਾਤ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਪਾਰਕ ਸਬੰਧਾਂ ਬਾਰੇ ਹੋਈ ਗੱਲਬਾਤ ਨੂੰ ਚੰਗੀ ਗੱਲਬਾਤ ਦੱਸਿਆ ਹੈ। ਕਾਰਨੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਕਿਹਾ ਕਿ ਇਹ ਗੱਲਬਾਤ ਦੋਵਾਂ ਦੇਸ਼ਾਂ ਵਿਚਾਲੇ ਸੰਭਾਵਿਤ ਵਪਾਰ ਸਮਝੌਤੇ ਬਾਰੇ ਹਾਲ ਹੀ ਵਿੱਚ ਹੋਈਆਂ ਸਕਾਰਾਤਮਕ ਚਰਚਾਵਾਂ ਦਾ ਅਗਲਾ ਕਦਮ ਹੈ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਦੋਵਾਂ ਆਗੂਆਂ ਵਿਚਾਲੇ ਫੋਨ ’ਤੇ ਇਹ ਗੱਲਬਾਤ ਸ਼ਨੀਵਾਰ ਨੂੰ ਹੋਈ ਸੀ। ਕਾਰਨੀ ਨੇ ਕਿਹਾ ਕਿ ਨਵਾਂ ਸਮਝੌਤਾ ਕੈਨੇਡੀਅਨ ਕਾਮਿਆਂ ਲਈ ਨੌਕਰੀਆਂ ਪੈਦਾ ਕਰਨ, ਪਰਿਵਾਰਾਂ ਲਈ ਚੀਜ਼ਾਂ ਕਿਫਾਇਤੀ ਬਣਾਉਣ ਅਤੇ ਕੈਨੇਡਾ ਦੀ ਭਾਸ਼ਾ, ਸੱਭਿਆਚਾਰ ਤੇ ਪ੍ਰਭੂਸੱਤਾ ਦਾ ਸਤਿਕਾਰ ਕਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਦੋਵਾਂ ਦੇਸ਼ਾਂ ਦੇ ਨੁਮਾਇੰਦੇ ਇਸ ਦਿਸ਼ਾ ਵਿੱਚ ਕੰਮ ਕਰਨਗੇ। ਦੂਜੇ ਪਾਸੇ, ਟਰੰਪ ਨੇ ਵੀ ਕਿਹਾ ਹੈ ਕਿ ਕੈਨੇਡਾ ਨਾਲ ਇੱਕ ਚੰਗੇ ਸਮਝੌਤੇ ਦੀ ਰੂਪਰੇਖਾ ਤਿਆਰ ਹੋ ਗਈ ਹੈ ਅਤੇ ਦੋਵੇਂ ਦੇਸ਼ ਸਮਝੌਤੇ ਦੇ ਕਾਫ਼ੀ ਨੇੜੇ ਹਨ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਅਮਰੀਕੀ ਕਿਸਾਨਾਂ ਅਤੇ ਦੇਸ਼ ਲਈ ਫਾਇਦੇਮੰਦ ਹੋਵੇਗਾ ਅਤੇ ਕੈਨੇਡਾ ਲਈ ਵੀ ਠੀਕ ਰਹੇਗਾ। ਵ੍ਹਾਈਟ ਹਾਊਸ ਨੇ ਵੀ ਕਿਹਾ ਹੈ ਕਿ ਉਹ ਕੈਨੇਡਾ ਨਾਲ ਗੱਲਬਾਤ ਜਾਰੀ ਰੱਖਣ ਲਈ ਤਿਆਰ ਹੈ। ਇਸ ਦੌਰਾਨ, ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਏਵ ਨੇ ਕਾਰਨੀ ਨੂੰ ਜਲਦ ਸਮਝੌਤਾ ਕਰਕੇ ਲੋਕਾਂ ਨੂੰ ਅਸਲ ਨਤੀਜੇ ਦੇਣ ਦੀ ਅਪੀਲ ਕੀਤੀ ਹੈ। ਕਾਰਨੀ ਦਾ ਕਹਿਣਾ ਹੈ ਕਿ ਕੈਨੇਡਾ ਅਜਿਹਾ ਕੋਈ ਸਮਝੌਤਾ ਨਹੀਂ ਕਰੇਗਾ ਜੋ ਦੇਸ਼ ਦੇ ਹਿੱਤਾਂ ਦੇ ਖ਼ਿਲਾਫ਼ ਹੋਵੇ।