ਯੂਬਾ ਸਿਟੀ ਨਗਰ ਕੀਰਤਨ ਨੇੜੇ ਗੋਲੀਬਾਰੀ! ਚਾਕੂਬਾਜ਼ੀ 'ਚ ਦੋ ਜ਼ਖ਼ਮੀ, ਇੱਕ ਗ੍ਰਿਫ਼ਤਾਰ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਸਿੱਖ ਭਾਈਚਾਰੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਯੂਬਾ ਸਿਟੀ ਵਿਖੇ 47ਵੇਂ ਸਾਲਾਨਾ ਨਗਰ ਕੀਰਤਨ ਅਤੇ ਸਿੱਖ ਮੇਲੇ ਦੇ ਮੌਕੇ ਹਿੰਸਾ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। ਇੱਕ ਪਾਸੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਬਾਰੀ ਹੋਈ, ਜਦਕਿ ਦੂਜੇ ਪਾਸੇ ਨਗਰ ਕੀਰਤਨ ਦੀ ਸਮਾਪਤੀ ਨੇੜੇ ਦੋ ਗੁੱਟਾਂ ਵਿਚਾਲੇ ਹੋਏ ਟਕਰਾਅ ਦੌਰਾਨ ਚਾਕੂਬਾਜ਼ੀ ਹੋ ਗਈ, ਜਿਸ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਸਟਰ ਕਾਊਂਟੀ ਸ਼ੈਰਿਫ਼ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਗੋਲੀਬਾਰੀ ਦੀ ਪਹਿਲੀ ਘਟਨਾ 31 ਅਕਤੂਬਰ ਨੂੰ ਹੈਲੋਵੀਨ ਵਾਲੇ ਦਿਨ ਵਾਪਰੀ ਸੀ। ਗੁਰਦੁਆਰਾ ਸਾਹਿਬ ਦੇ ਸਾਹਮਣੇ ਟੀਏਰਾ ਬੁਏਨਾ ਰੋਡ 'ਤੇ ਸਥਿਤ ਪਾਰਕਿੰਗ ਲਾਟ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਇਸ ਘਟਨਾ ਵਿੱਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਹਾਲਾਂਕਿ ਪੁਲਿਸ ਨੇ ਇਸ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ ਹੈ, ਪਰ ਉਸ ਦੀ ਗ੍ਰਿਫ਼ਤਾਰੀ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਤੋਂ ਅਗਲੇ ਦਿਨ, ਪਹਿਲੀ ਨਵੰਬਰ ਨੂੰ ਜਦੋਂ ਨਗਰ ਕੀਰਤਨ ਦੀ ਸਮਾਪਤੀ ਹੋਣ ਵਾਲੀ ਸੀ ਤਾਂ ਦੋ ਗੁੱਟਾਂ ਵਿਚਾਲੇ ਟਕਰਾਅ ਹੋ ਗਿਆ ਅਤੇ ਮਾਮਲਾ ਚਾਕੂਬਾਜ਼ੀ ਤੱਕ ਪਹੁੰਚ ਗਿਆ। ਇਸ ਹਮਲੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਯੂਸੀ ਡੇਵਿਸ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ।
ਇਸ ਮਾਮਲੇ ਵਿੱਚ ਪੁਲਿਸ ਨੇ ਸੈਕਰਾਮੈਂਟੋ ਦੇ ਰਹਿਣ ਵਾਲੇ 28 ਸਾਲਾ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਪਰਾਧ ਦੀ ਸਾਜ਼ਿਸ਼, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਖ਼ਤਰਨਾਕ ਹਥਿਆਰ ਨਾਲ ਹਮਲਾ ਕਰਨ ਸਮੇਤ ਕਈ ਦੋਸ਼ ਲਗਾਏ ਗਏ ਹਨ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਪੁਲਿਸ ਹਾਲੇ ਤੱਕ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਗੋਲੀਬਾਰੀ ਅਤੇ ਚਾਕੂਬਾਜ਼ੀ ਦੀਆਂ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ। ਜਾਂਚਕਰਤਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸੰਪਰਕ ਵਿੱਚ ਹਨ ਅਤੇ ਹੋਰ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਜਾਰੀ ਕੀਤੀ ਜਾ ਸਕਦੀ ਹੈ।