ਮੈਰੀਲੈਂਡ ਵਿੱਚ ਦੋਹਰੀ ਗੋਲੀਬਾਰੀ! ਮਹਿਲਾ ਦਾ ਕਤਲ, ਨਾਬਾਲਗ ਕੁੜੀ ਗੰਭੀਰ ਜ਼ਖ਼ਮੀ

ਅਮਰੀਕਾ ਦੇ ਮੈਰੀਲੈਂਡ ਸੂਬੇ ਤੋਂ ਗੋਲੀਬਾਰੀ ਦੀ ਇੱਕ ਬੇਹੱਦ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਇੱਕ ਨਾਬਾਲਗ ਕੁੜੀ ਗੰਭੀਰ ਜ਼ਖ਼ਮੀ ਹੋ ਗਈ। ਇਹ ਘਟਨਾ ਪ੍ਰਿੰਸ ਜਾਰਜ ਕਾਊਂਟੀ ਦੇ ਐਡਲਫੀ ਇਲਾਕੇ ਵਿੱਚ 3 ਨਵੰਬਰ ਦੀ ਤੜਕਸਾਰ ਵਾਪਰੀ। ਪੁਲਿਸ ਨੂੰ ਸਵੇਰੇ ਲਗਭਗ 1 ਵੱਜ ਕੇ 50 ਮਿੰਟ 'ਤੇ 8100 ਬਲਾਕ 15ਵੀਂ ਐਵੇਨਿਊ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉੱਥੇ ਇੱਕ ਮਹਿਲਾ ਮ੍ਰਿਤਕ ਹਾਲਤ ਵਿੱਚ ਮਿਲੀ, ਜਦਕਿ ਇੱਕ ਨਾਬਾਲਗ ਕੁੜੀ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਸੀ। ਪੁਲਿਸ ਨੇ ਤੁਰੰਤ ਕੁੜੀ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਰ ਇਸ ਹਮਲੇ ਪਿੱਛੇ ਕੌਣ ਸੀ ਅਤੇ ਮਹਿਲਾ ਤੇ ਨਾਬਾਲਗ ਕੁੜੀ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ? ਪੁਲਿਸ ਵੱਲੋਂ ਹਾਲੇ ਤੱਕ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਨਾ ਹੀ ਹਮਲੇ ਦੇ ਪਿੱਛੇ ਕੋਈ ਕਾਰਨ ਸਾਹਮਣੇ ਆਇਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਵਾਰਦਾਤ ਸਬੰਧੀ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੈ ਤਾਂ ਉਹ ਜਾਂਚ ਟੀਮ ਨਾਲ ਸਾਂਝੀ ਕਰੇ। ਫਿਲਹਾਲ ਪੁਲਿਸ ਇਸ ਨੂੰ ਹੱਤਿਆ ਦੇ ਮਾਮਲੇ ਵਜੋਂ ਜਾਂਚ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: