ਬਰਨਬੀ ਵਿੱਚ ਪੈਕੇਜ ਚੋਰੀ ਦੇ ਮਾਮਲੇ ’ਚ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਦੀ ਅਪੀਲ
ਬਰਨਬੀ ਆਰ.ਸੀ.ਐੱਮ.ਪੀ. ਨੇ ਸਾਊਥ ਬਰਨਬੀ ਵਿੱਚ ਹੋਈ ਪੈਕੇਜ ਚੋਰੀ ਦੇ ਮਾਮਲੇ ਵਿੱਚ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਮੁਤਾਬਕ ਇਹ ਘਟਨਾ 28 ਸਤੰਬਰ ਨੂੰ ਇੱਕ ਘਰ ਵਿੱਚ ਵਾਪਰੀ ਸੀ। ਪੁਲਿਸ ਨੇ ਸ਼ੱਕੀ ਵਿਅਕਤੀ ਅਤੇ ਉਸ ਦੀ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਕਾਰਪੋਰਲ ਮਾਈਕ ਕਲਾਂਜ ਨੇ ਕਿਹਾ ਕਿ ਗੱਡੀ ਦੀ ਵੱਖਰੀ ਪਛਾਣ ਅਤੇ ਸ਼ੱਕੀ ਵਿਅਕਤੀ ਦੇ ਕੱਪੜਿਆਂ ਦੀ ਮਦਦ ਨਾਲ ਕੋਈ ਵਿਅਕਤੀ ਉਸ ਦੀ ਪਛਾਣ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਘਰ ਦੇ ਬਾਹਰੋਂ ਪੈਕੇਜ ਚੋਰੀ ਹੁੰਦਾ ਹੈ ਤਾਂ ਇਸ ਦੀ ਰਿਪੋਰਟ ਪੁਲਿਸ ਨੂੰ ਜ਼ਰੂਰ ਕਰਨ। ਪੁਲਿਸ ਦਾ ਕਹਿਣਾ ਹੈ ਕਿ ਛੁੱਟੀਆਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਅਤੇ ਇਸ ਦੌਰਾਨ ਆਨਲਾਈਨ ਖਰੀਦਦਾਰੀ ਵਧਣ ਕਾਰਨ ਘਰਾਂ ਦੇ ਬਾਹਰ ਪੈਕੇਜਾਂ ਦੀ ਗਿਣਤੀ ਵੀ ਵਧ ਜਾਂਦੀ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਪੈਕੇਜ ਚੋਰੀ ਦੀਆਂ ਰਿਪੋਰਟਾਂ ਵਿੱਚ ਵਾਧਾ ਨਹੀਂ ਦੇਖਿਆ, ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਪੁਲਿਸ ਮੁਤਾਬਕ ਚੋਰ ਅਕਸਰ ਦਿਨ-ਦਿਹਾੜੇ ਘਰਾਂ ਦੇ ਬਾਹਰ ਪਏ ਪੈਕੇਜ ਚੁੱਕ ਕੇ ਲੈ ਜਾਂਦੇ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਡਿਲੀਵਰੀ ਟਰੈਕਿੰਗ ਨੋਟੀਫਿਕੇਸ਼ਨ ਚਾਲੂ ਰੱਖਣ, ਪੈਕੇਜ ਪਹੁੰਚਦੇ ਹੀ ਘਰ ਅੰਦਰ ਲੈ ਆਉਣ ਜਾਂ ਸੁਰੱਖਿਅਤ ਡਿਲੀਵਰੀ ਅਤੇ ਦਸਤਖ਼ਤ ਦੀ ਸ਼ਰਤ ਰੱਖਣ। ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕ ਬਰਨਬੀ ਆਰ.ਸੀ.ਐੱਮ.ਪੀ. ਨਾਲ 604-646-9999 ’ਤੇ ਸੰਪਰਕ ਕਰ ਸਕਦੇ ਹਨ ਅਤੇ ਫਾਈਲ ਨੰਬਰ 2026-34807 ਦਾ ਹਵਾਲਾ ਦੇ ਸਕਦੇ ਹਨ।