ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਏ.ਆਈ. ਦੀ ਵਰਤੋਂ ਕਰੇਗਾ ਪੰਜਾਬ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਈ.ਆਈ.ਟੀ. ਰੋਪੜ ਵਿਖੇ ਸਥਾਪਿਤ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੀ ਸਹਾਇਤਾ ਨਾਲ ਖੇਤੀਬਾੜੀ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਪਨਾਉਣ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਭਵਨ ਵਿਖੇ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਖੇਤੀਬਾੜੀ ਸੈਕਟਰ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਖੇਤੀਬਾੜੀ ਉਤਪਾਦਨ ਅਤੇ ਟਿਕਾਊ ਵਿਕਾਸ ‘ਚ ਵਾਧੇ ਅਤੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਏਆਈ-ਅਧਾਰਤ ਹੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਨਾਉਣ ਦੇ ਰੋਡਮੈਪ ਸਬੰਧੀ ਚਰਚਾ ਕੀਤੀ।

ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਠੋਸ ਸਹਾਇਤਾ ਅਤੇ ਢੁਕਵੇਂ ਲਾਭ ਪ੍ਰਦਾਨ ਕਰਨਾ ਯਕੀਨੀ ਬਣਾਉਣ ਲਈ ਉੱਨਤ ਤਕਨਾਲੋਜੀਆਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਇਸ ਸਬੰਧੀ ਪਾਇਲਟ ਪ੍ਰੋਜੈਕਟ ਲਾਗੂ ਕਰਨ ਅਤੇ ਜ਼ਿਲ੍ਹਿਆਂ ‘ਚ ਏਆਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਆਟੋਮੈਟਿਕ ਵੈਦਰ (ਮੌਸਮ) ਸਟੇਸ਼ਨਾਂ ਦੀ ਸਥਾਪਨਾ, ਫੀਲਡ ਡੇਟਾ ਇਕੱਠਾ ਕਰਨ ਲਈ ਕਿਸਾਨਾਂ ਦੀ ਸ਼ਮੂਲੀਅਤ, ਬਾਗਬਾਨੀ ਕਲੱਸਟਰਾਂ ਨੂੰ ਸਹਾਇਤਾ ਅਤੇ ਏਆਈ-ਅਧਾਰਤ ਪਸ਼ੂਧਨ ਉਤਪਾਦਕਤਾ ਹੱਲਾਂ ਦੇ ਵਿਸਥਾਰ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਖੇਤੀਬਾੜੀ ਮੰਤਰੀ ਨੇ ਆਈਆਈਟੀ ਰੋਪੜ ਵੱਲੋਂ ਖੇਤੀ ਸੈਕਟਰ ‘ਚ ਖੇਤੀਬਾੜੀ ਦੇ ਸਹੀ ਢੰਗ-ਤਕੀਕਿਆਂ ਅਤੇ ਏਆਈ ਦੀ ਢੁਕਵੀਂ ਵਰਤੋਂ ਸਬੰਧੀ ਨੈਸ਼ਨਲ-ਲੈਵਲ ਦੇ ਕੋਰਸ ਸ਼ੁਰੂ ਕਰਨ ਦੀ ਪਹਿਲਕਦਮੀ ਦਾ ਵੀ ਸਵਾਗਤ ਕੀਤਾ, ਇਸਦਾ ਉਦੇਸ਼ ਨੌਜਵਾਨਾਂ ਦਾ ਹੁਨਰ ਵਿਕਾਸ ਅਤੇ ਸਰਕਾਰੀ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ‘ਚ ਵਾਧਾ ਕਰਨਾ ਹੈ। ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਕਾਰੀਆਂ ਲਈ ਸੀਟਾਂ ਦਾ ਵਿਸ਼ੇਸ਼ ਰਾਖਵਾਂਕਰਨ ਖੇਤੀਬਾੜੀ-ਤਕਨਾਲੋਜੀ ‘ਚ ਸੂਬੇ ਦੇ ਮਨੁੱਖੀ ਸਰੋਤ ਅਧਾਰ ਨੂੰ ਹੋਰ ਮਜ਼ਬੂਤ ਕਰੇਗਾ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਸਹਿਯੋਗ ਪੰਜਾਬ ਨੂੰ ਏਆਈ-ਅਧਾਰਤ ਖੇਤੀਬਾੜੀ ਸੁਧਾਰਾਂ ਦੇ ਖੇਤਰ ‘ਚ ਇੱਕ ਮੋਹਰੀ ਅਤੇ ਮਾਡਲ ਰਾਜ ਵਜੋਂ ਸਥਾਪਿਤ ਕਰੇਗਾ। ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਖੇਤੀਬਾੜੀ ਅਤੇ ਸਹਾਇਕ ਖੇਤਰਾਂ ‘ਚ ਸਰੋਤ ਕੁਸ਼ਲਤਾ, ਜਲਵਾਯੂ-ਅਨੁਕੂਲਤਾ ਅਤੇ ਟਿਕਾਊ ਵਿਕਾਸ ‘ਚ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਹੈ।

ਇਸ ਲੇਖ ਨੂੰ ਸਾਂਝਾ ਕਰੋ: