ਮੇਘਾਲਿਆ ਵਿੱਚ ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਧਮਾਕਾ, 16 ਦੀ ਮੌਤ।
ਮੇਘਾਲਿਆ ਦੇ ਪੂਰਬੀ ਜੈਂਤੀਆ ਹਿਲਜ਼ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਧਮਾਕਾ ਹੋਇਆ। ਇਸ ਹਾਦਸੇ ਵਿੱਚ ਘੱਟੋ-ਘੱਟ 16 ਮਜ਼ਦੂਰਾਂ ਦੀ ਮੌਤ ਹੋ ਗਈ। ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਆਈ. ਨੋਂਗਰਾਂਗ ਦੇ ਅਨੁਸਾਰ, ਬਹੁਤ ਸਾਰੇ ਮਜ਼ਦੂਰ ਅਜੇ ਵੀ ਅੰਦਰ ਫਸੇ ਹੋਣ ਦਾ ਖ਼ਦਸ਼ਾ ਹੈ।ਬਚਾਅ ਟੀਮਾਂ ਖੋਜ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਹ ਹਾਦਸਾ ਅੱਜ ਸਵੇਰੇ ਥਾਂਗਸਕੂ ਖੇਤਰ ਵਿੱਚ ਹੋਇਆ। ਪੁਲਿਸ ਡਾਇਰੈਕਟਰ ਜਨਰਲ ਨੇ ਕਿਹਾ, "ਹੁਣ ਤੱਕ, 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਧਮਾਕੇ ਸਮੇਂ ਖਾਣ ਦੇ ਅੰਦਰ ਕਿੰਨੇ ਮਜ਼ਦੂਰ ਸਨ। ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।"ਪੁਲਿਸ ਦੇ ਅਨੁਸਾਰ, ਇਹ ਧਮਾਕਾ ਕੋਲਾ ਮਾਈਨਿੰਗ ਦੌਰਾਨ ਹੋਇਆ ਸੀ, ਅਤੇ ਖਾਨ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੀ।ਧਮਾਕੇ ਦਾ ਕਾਰਨ ਅਜੇ ਪਤਾ ਨਹੀਂ ਹੈ, ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।2014 ਵਿੱਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਮੇਘਾਲਿਆ ਵਿੱਚ ਰੈਟ-ਹੋਲ ਕੋਲਾ ਮਾਈਨਿੰਗ ਅਤੇ ਹੋਰ ਗੈਰ-ਵਿਗਿਆਨਕ ਮਾਈਨਿੰਗ ਤਰੀਕਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ ਵਾਤਾਵਰਣ ਨੂੰ ਨੁਕਸਾਨ ਅਤੇ ਕਰਮਚਾਰੀਆਂ ਦੀ ਸੁਰੱਖਿਆ ਚਿੰਤਾਵਾਂ ਕਾਰਨ ਲਗਾਈ ਗਈ ਸੀ। ਇਸਨੇ ਅਜਿਹੇ ਤਰੀਕਿਆਂ ਰਾਹੀਂ ਕੱਢੇ ਗਏ ਕੋਲੇ ਦੀ ਗੈਰ-ਕਾਨੂੰਨੀ ਢੋਆ-ਢੁਆਈ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।