ਕੈਲਗਰੀ ਪੁਲਿਸ ਦਾ ਵੱਡਾ ਐਕਸ਼ਨ! 170 ਵਾਰੰਟਾਂ 'ਤੇ ਕਾਰਵਾਈ, 10 ਵਿਅਕਤੀ ਗ੍ਰਿਫ਼ਤਾਰ!
ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿੱਚ ਪੁਲਿਸ ਵੱਲੋਂ ਅਪਰਾਧ ਅਤੇ ਸਮਾਜਿਕ ਅਸੁਰੱਖਿਆ ਨੂੰ ਰੋਕਣ ਲਈ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਇੱਕੋ ਦਿਨ ਵਿੱਚ 170 ਗ੍ਰਿਫ਼ਤਾਰੀ ਵਾਰੰਟਾਂ ਉੱਤੇ ਕਾਰਵਾਈ ਕਰਦਿਆਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ 18 ਵੱਖ-ਵੱਖ ਦੋਸ਼ ਲਗਾਏ ਹਨ।
ਜਾਣਕਾਰੀ ਮੁਤਾਬਕ ਇਹ ਕਾਰਵਾਈ 4 ਨਵੰਬਰ ਨੂੰ ਕੈਲਗਰੀ ਪੁਲਿਸ ਦੀ ਪੰਜਵੀਂ ਆਪਰੇਸ਼ਨ ਆਰਡਰ ਮੁਹਿੰਮ ਤਹਿਤ ਕੀਤੀ ਗਈ। ਇਸ ਵਿੱਚ ਕੈਲਗਰੀ ਪੁਲਿਸ ਦੇ ਨਾਲ ਸਿਟੀ ਸੇਫਟੀ ਵਿਭਾਗ, ਟਰਾਂਜ਼ਿਟ ਪਬਲਿਕ ਸੇਫਟੀ, ਅਲਬਰਟਾ ਸ਼ੈਰਿਫ ਅਤੇ ਹੋਰ ਸਬੰਧਤ ਏਜੰਸੀਆਂ ਨੇ ਵੀ ਹਿੱਸਾ ਲਿਆ।
ਪੁਲਿਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਮੁਹਿੰਮ ਦੌਰਾਨ 320 ਕਾਲਾਂ ਉੱਤੇ ਕਾਰਵਾਈ ਕੀਤੀ ਗਈ, 99 ਸਮਨ ਜਾਰੀ ਕੀਤੇ ਗਏ ਅਤੇ 330 ਥਾਵਾਂ ਉੱਤੇ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਗਿਆ।
ਇਸ ਦੌਰਾਨ ਈਸਟ ਵਿਲੇਜ ਇਲਾਕੇ ਵਿੱਚ ਲੁੱਟ ਅਤੇ ਗੈਰਕਾਨੂੰਨੀ ਸਿਗਰਟਾਂ ਰੱਖਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡਾਊਨਟਾਊਨ ਵੈਸਟ ਐਂਡ ਵਿੱਚ ਗੈਰਕਾਨੂੰਨੀ ਸਿਗਰਟਾਂ ਦੀ ਵਿਕਰੀ ਦਾ ਮਾਮਲਾ ਸਾਹਮਣੇ ਆਇਆ, ਜਿੱਥੋਂ 44 ਡੱਬਿਆਂ ਵਿੱਚ ਰੱਖੀਆਂ 8 ਹਜ਼ਾਰ ਤੋਂ ਵੱਧ ਸਿਗਰਟਾਂ ਜ਼ਬਤ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਬੈਲਟਲਾਈਨ ਇਲਾਕੇ ਵਿੱਚ ਪੁਲਿਸ ਨੇ ਕਥਿਤ ਤੌਰ 'ਤੇ ਚੱਲ ਰਹੇ ਹਮਲੇ ਨੂੰ ਰੋਕਦਿਆਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਦਾ ਕਹਿਣਾ ਹੈ ਕਿ ਇਹ ਮੁਹਿੰਮ ਸਿਰਫ਼ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ ਸੀ, ਸਗੋਂ ਲੋੜਵੰਦ ਲੋਕਾਂ ਨੂੰ ਰਿਹਾਇਸ਼ ਅਤੇ ਸਮਾਜਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਵੀ ਕਦਮ ਚੁੱਕੇ ਗਏ।
ਹੁਣ ਦੇਖਣਾ ਹੋਵੇਗਾ ਕਿ ਅਜਿਹੀਆਂ ਲਗਾਤਾਰ ਮੁਹਿੰਮਾਂ ਨਾਲ ਕੈਲਗਰੀ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਕਿੰਨੀ ਕੁ ਰੋਕ ਲੱਗਦੀ ਹੈ।