ਸਰੀ ਦੇ 18 ਸਾਲਾ ਨੌਜਵਾਨ ਦੀ ਰੇਜਾਈਨਾ 'ਚ ਗ੍ਰਿਫ਼ਤਾਰੀ, ਨਸ਼ਿਆਂ ਨਾਲ 24 ਹਜ਼ਾਰ ਡਾਲਰ ਨਕਦ ਬਰਾਮਦ

ਕੈਨੇਡਾ ਦੇ ਸਰੀ ਸ਼ਹਿਰ ਨਾਲ ਸਬੰਧਤ ਇੱਕ 18 ਸਾਲਾ ਨੌਜਵਾਨ ਦੀ ਸਸਕੈਚਵਨ ਸੂਬੇ ਦੇ ਰੇਜਾਈਨਾ ਸ਼ਹਿਰ ਵਿੱਚ ਗ੍ਰਿਫ਼ਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਰੇਜਾਈਨਾ ਪੁਲਿਸ ਨੇ ਨੌਜਵਾਨ ਦੀ ਪਛਾਣ Mohammad Alali ਵਜੋਂ ਕੀਤੀ ਹੈ। ਪੁਲਿਸ ਮੁਤਾਬਕ ਸਤੰਬਰ ਮਹੀਨੇ ਵਿੱਚ ਡਰੱਗ ਯੂਨਿਟ ਨੇ ਇੱਕ ਵਿਅਕਤੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ, ਜਿਸ 'ਤੇ ਫੈਂਟਾਨਿਲ, ਮੈਥਾਮਫੈਟਾਮਾਈਨ ਅਤੇ ਕੋਕੀਨ ਦੀ ਤਸਕਰੀ ਕਰਨ ਦਾ ਸ਼ੱਕ ਸੀ। 21 ਅਕਤੂਬਰ ਨੂੰ ਪੁਲਿਸ ਨੇ 12th Avenue ਦੇ 2000 ਬਲਾਕ ਵਿੱਚ ਕਾਰਵਾਈ ਕਰਦਿਆਂ 18 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਉਸ ਸਮੇਂ ਪੁਲਿਸ ਨੇ 78 ਗ੍ਰਾਮ ਫੈਂਟਾਨਿਲ ਅਤੇ 33 ਗ੍ਰਾਮ ਮੈਥਾਮਫੈਟਾਮਾਈਨ ਬਰਾਮਦ ਕਰਨ ਦਾ ਦਾਅਵਾ ਕੀਤਾ। ਇਸ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ Hamilton Street ਦੇ 1800 ਬਲਾਕ ਵਿੱਚ ਇੱਕ ਰਿਹਾਇਸ਼ ਦੀ ਤਲਾਸ਼ੀ ਲਈ। ਉੱਥੋਂ 11 ਗ੍ਰਾਮ ਫੈਂਟਾਨਿਲ, 6 ਗ੍ਰਾਮ ਮੈਥਾਮਫੈਟਾਮਾਈਨ, 24 ਗ੍ਰਾਮ ਕੋਕੀਨ ਅਤੇ 24 ਹਜ਼ਾਰ 135 ਡਾਲਰ ਨਕਦ ਬਰਾਮਦ ਹੋਏ। ਪੁਲਿਸ ਨੇ ਨੌਜਵਾਨ ਖ਼ਿਲਾਫ਼ ਨਸ਼ੀਲੇ ਪਦਾਰਥ ਤਸਕਰੀ ਦੇ ਮਕਸਦ ਨਾਲ ਰੱਖਣ ਦੇ ਤਿੰਨ ਅਤੇ ਅਪਰਾਧ ਰਾਹੀਂ ਹਾਸਲ ਕੀਤੀ 5 ਹਜ਼ਾਰ ਡਾਲਰ ਤੋਂ ਵੱਧ ਦੀ ਜਾਇਦਾਦ ਰੱਖਣ ਦਾ ਇੱਕ ਦੋਸ਼ ਲਗਾਇਆ ਹੈ। ਨੌਜਵਾਨ ਦੀ ਪਹਿਲੀ ਅਦਾਲਤੀ ਪੇਸ਼ੀ 22 ਅਕਤੂਬਰ ਨੂੰ ਹੋਈ ਸੀ। ਇਸ ਮਾਮਲੇ ਵਿੱਚ ਖ਼ਾਸ ਗੱਲ ਇਹ ਹੈ ਕਿ ਮੁਲਜ਼ਮ ਸਰੀ ਦਾ ਰਹਿਣ ਵਾਲਾ ਹੈ ਪਰ ਉਸ ਨੂੰ ਸਸਕੈਚਵਨ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਜਾਂਚ ਦਾ ਵਿਸ਼ਾ ਇਹ ਹੈ ਕਿ ਕੀ ਇਸ ਮਾਮਲੇ ਦੇ ਤਾਰ ਕਿਸੇ ਵੱਡੇ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਹੋਏ ਹਨ। ਹਾਲਾਂਕਿ ਪੁਲਿਸ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਨੌਜਵਾਨ ਖ਼ਿਲਾਫ਼ ਲੱਗੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।

ਇਸ ਲੇਖ ਨੂੰ ਸਾਂਝਾ ਕਰੋ: