ਮੈਨੀਟੋਬਾ 'ਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ, 19 ਸਾਲਾ ਮੁਲਜ਼ਮ ਗ੍ਰਿਫ਼ਤਾਰ

ਮੈਨੀਟੋਬਾ ਤੋਂ ਇੱਕ ਸਨਸਨੀਖੇਜ਼ ਕਤਲ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 23 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਨਸਲਾਟਰ ਯਾਨੀ ਗੈਰ-ਇਰਾਦਤਨ ਹੱਤਿਆ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਮੈਨੀਟੋਬਾ ਦੇ St. Theresa Point ਇਲਾਕੇ ਵਿੱਚ 24 ਅਕਤੂਬਰ ਦੀ ਤੜਕਸਾਰ ਵਾਪਰੀ ਸੀ। ਪੁਲਿਸ ਨੂੰ ਸਵੇਰੇ ਕਰੀਬ 2 ਵਜੇ ਇੱਕ ਘਰ ਦੇ ਬਾਹਰ ਨੌਜਵਾਨ ਦੀ ਲਾਸ਼ ਮਿਲੀ ਸੀ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਘਰ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਉਸ ਨੂੰ ਗੋਲੀ ਮਾਰੀ ਗਈ। ਪੁਲਿਸ ਮੁਤਾਬਕ ਇਸ ਘਟਨਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ 19 ਸਾਲਾ Riley Wood ਅਤੇ ਮ੍ਰਿਤਕ ਇੱਕ-ਦੂਜੇ ਨੂੰ ਜਾਣਦੇ ਸਨ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਵਿੱਚ ਇਹ ਜਾਣਨਾ ਅਹਿਮ ਹੋਵੇਗਾ ਕਿ ਘਟਨਾ ਵਾਲੀ ਰਾਤ ਅਸਲ ਵਿੱਚ ਕੀ ਹੋਇਆ ਸੀ, ਗੋਲੀ ਚਲਾਉਣ ਦੀ ਨੌਬਤ ਕਿਉਂ ਆਈ ਅਤੇ ਕੀ ਇਸ ਘਟਨਾ ਪਿੱਛੇ ਕੋਈ ਪੁਰਾਣੀ ਰੰਜਿਸ਼ ਸੀ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।

ਇਸ ਲੇਖ ਨੂੰ ਸਾਂਝਾ ਕਰੋ: