ਨਵਾਂ ਸਰਵੇਖਣ: 2 ਵਿੱਚੋਂ 3 ਕੈਨੇਡੀਅਨ ਅਰਥਵਿਵਸਥਾ ਨੂੰ ਗਲਤ ਰਾਹ ‘ਤੇ ਮੰਨਦੇ ਹਨ

ਇੱਕ ਨਵੇਂ ਪੋਲ ਮੁਤਾਬਕ ਕੈਨੇਡਾ ਦੇ ਵੱਡੇ ਹਿੱਸੇ ਦੇ ਲੋਕਾਂ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨਿਰਾਸ਼ਾ ਵਧ ਰਹੀ ਹੈ। Canada Pulse Insights ਵੱਲੋਂ CityNews ਲਈ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਲਗਭਗ ਦੋ-ਤਿਹਾਈ ਕੈਨੇਡੀਅਨ ਮੰਨਦੇ ਹਨ ਕਿ ਰਾਸ਼ਟਰੀ ਅਰਥਵਿਵਸਥਾ “ਗਲਤ ਦਿਸ਼ਾ” ਵਿੱਚ ਜਾ ਰਹੀ ਹੈ, ਜਦਕਿ ਸਿਰਫ਼ 33 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਹਾਲਾਤ ਸਹੀ ਰਾਹ ‘ਤੇ ਹਨ।

ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਕੇਵਲ 30 ਫੀਸਦੀ ਲੋਕਾਂ ਨੂੰ ਉਮੀਦ ਹੈ ਕਿ ਅਗਲੇ 60 ਦਿਨਾਂ ਵਿੱਚ ਰਾਸ਼ਟਰੀ ਜਾਂ ਸਥਾਨਕ ਅਰਥਵਿਵਸਥਾ ਵਿੱਚ ਸੁਧਾਰ ਆਵੇਗਾ। ਇਹ ਰੁਝਾਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਸਰਕਾਰ ਨੇ ਹਾਲ ਹੀ ਵਿੱਚ ਵਿੱਤੀ ਅੱਪਡੇਟ ਜਾਰੀ ਕੀਤਾ ਸੀ, ਜਿਸ ਵਿੱਚ $66.9 ਬਿਲੀਅਨ ਘਾਟੇ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਨਵੇਂ ਖਰਚਿਆਂ ਦੀ ਵੀ ਘੋਸ਼ਣਾ ਕੀਤੀ ਗਈ ਹੈ।

ਪੋਲਿੰਗ ਵਿਸ਼ਲੇਸ਼ਕ ਜੌਨ ਰਾਈਟ ਦਾ ਕਹਿਣਾ ਹੈ ਕਿ ਮਹਿੰਗਾਈ, FUEL ਦੀਆਂ ਵਧਦੀਆਂ ਕੀਮਤਾਂ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਅਨੁਸਾਰ, ਸਰਕਾਰ ਦੇ ਆਸ਼ਾਵਾਦੀ ਅੰਕੜਿਆਂ ਦੇ ਬਾਵਜੂਦ ਆਮ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਰਾਹਤ ਮਹਿਸੂਸ ਨਹੀਂ ਹੋ ਰਹੀ।

ਖੇਤਰੀ ਤੌਰ ‘ਤੇ ਵੀ ਨਿਰਾਸ਼ਾ ਕਾਫੀ ਵਿਆਪਕ ਹੈ, ਜਿੱਥੇ ਅਲਬਰਟਾ, ਓਨਟਾਰੀਓ ਅਤੇ ਬੀ.ਸੀ. ਵਿੱਚ ਵੱਡੀ ਗਿਣਤੀ ਲੋਕ ਅਰਥਵਿਵਸਥਾ ਨੂੰ ਗਲਤ ਰਾਹ ‘ਤੇ ਮੰਨ ਰਹੇ ਹਨ। ਨੌਜਵਾਨ ਅਤੇ ਮੱਧ ਉਮਰ ਦੇ ਲੋਕਾਂ ਵਿੱਚ ਇਹ ਚਿੰਤਾ ਹੋਰ ਵੀ ਵੱਧ ਹੈ।

ਸਰਵੇਖਣ ਅਨੁਸਾਰ ਇਹ ਰੁਝਾਨ ਸਪਸ਼ਟ ਕਰਦਾ ਹੈ ਕਿ ਦੇਸ਼ ਭਰ ਵਿੱਚ ਆਰਥਿਕ ਅਨਿਸ਼ਚਿਤਤਾ ਅਤੇ ਮਹਿੰਗਾਈ ਲੋਕਾਂ ਦੀ ਸੋਚ ‘ਤੇ ਭਾਰੀ ਪੈ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: