ਐਡਮੰਟਨ ਤੋਂ ਚੱਲ ਰਹੇ ਮੋਬਾਈਲ ਫੋਨ ਦੇ ਅੰਤਰਰਾਸ਼ਟਰੀ ਘੁਟਾਲੇ ਦਾ ਪਰਦਾਫਾਸ਼, 20 ਮਿਲੀਅਨ ਡਾਲਰ ਦਾ ਨੁਕਸਾਨ!

ਕੈਨੇਡਾ ਵਿੱਚ ਮੋਬਾਈਲ ਫੋਨ ਕੰਪਨੀਆਂ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਐਡਮੰਟਨ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗ ਆਪਣੇ ਆਪ ਨੂੰ ਰੋਜਰਜ਼, ਟੈਲਸ ਅਤੇ ਵਰਜਿਨ ਮੋਬਾਈਲ ਕੰਪਨੀਆਂ ਦੇ ਨੁਮਾਇੰਦੇ ਦੱਸ ਕੇ ਲੋਕਾਂ ਨੂੰ ਫੋਨ ਕਰਦੇ ਸਨ। ਉਹ ਗਾਹਕਾਂ ਨੂੰ ਮੁਫ਼ਤ ਜਾਂ ਭਾਰੀ ਛੋਟ ’ਤੇ ਨਵੇਂ ਮੋਬਾਈਲ ਫੋਨ ਦੇਣ ਦਾ ਲਾਲਚ ਦਿੰਦੇ ਅਤੇ ਫਿਰ ਉਨ੍ਹਾਂ ਨੂੰ ਫੋਨ ਕਿਸੇ ਹੋਰ ਪਤੇ ’ਤੇ ਭੇਜਣ ਲਈ ਕਹਿੰਦੇ ਸਨ। ਪੁਲਿਸ ਮੁਤਾਬਕ ਇਹ ਗਿਰੋਹ ਘੱਟੋ-ਘੱਟ ਅਕਤੂਬਰ 2024 ਤੋਂ ਸਰਗਰਮ ਸੀ ਅਤੇ ਇਸ ਸਾਲ ਹੀ ਐਡਮੰਟਨ ਵਿੱਚ ਇਸ ਤਰ੍ਹਾਂ ਦੀਆਂ ਲਗਭਗ 100 ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਸ ਘੁਟਾਲੇ ਕਾਰਨ ਐਡਮੰਟਨ ਵਾਸੀਆਂ ਨੂੰ ਕਰੀਬ 20 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਜਾਂਚ ਦੌਰਾਨ 31 ਸਾਲਾ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੰਜ ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਸਮੇਤ ਕਈ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਜਾਂਚ ਦੌਰਾਨ ਪਾਕਿਸਤਾਨ ਦੇ ਲਾਹੌਰ ਵਿੱਚ ਚੱਲ ਰਹੇ ਸ਼ੱਕੀ ਕਾਲ ਸੈਂਟਰਾਂ ਬਾਰੇ ਵੀ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਕਈ ਕੇਂਦਰਾਂ ਖ਼ਿਲਾਫ਼ ਕਾਰਵਾਈ ਹੋਣ ਦੀ ਗੱਲ ਕਹੀ ਗਈ ਹੈ। ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਫੋਨ ’ਤੇ ਮਿਲਣ ਵਾਲੀਆਂ ਅਜਿਹੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ।

ਇਸ ਲੇਖ ਨੂੰ ਸਾਂਝਾ ਕਰੋ: