2019 ਦੇ ਕਾਤਲ ਬ੍ਰਾਇਰ ਸ਼ਮੇਗਲਸਕੀ ਦੇ ਪਿਤਾ ਨੇ ਸਾਬਕਾ ਨੌਕਰੀਦਾਤਾ ਖ਼ਿਲਾਫ਼ ਗਲਤ ਬਰਖਾਸਤਗੀ ਦਾ ਕੇਸ ਕੀਤਾ
2019 ਵਿੱਚ ਕੈਨੇਡਾ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਤਿੰਨ ਕਤਲਾਂ ਦੇ ਮਾਮਲੇ ਵਿੱਚ ਸ਼ਾਮਲ ਨੌਜਵਾਨ ਬ੍ਰਾਇਰ ਸ਼ਮੇਗਲਸਕੀ ਦੇ ਪਿਤਾ ਐਲਨ ਸ਼ਮੇਗਲਸਕੀ ਨੇ ਆਪਣੇ ਸਾਬਕਾ employer Sansa Construction Ltd ਖ਼ਿਲਾਫ਼ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢੇ ਜਾਣ ਦਾ ਮੁਕੱਦਮਾ ਕੀਤਾ ਹੈ। 2020 ਵਿੱਚ ਦਾਇਰ ਕੀਤੇ ਗਏ ਕੇਸ ਵਿੱਚ ਐਲਨ ਦਾ ਦਾਅਵਾ ਹੈ ਕਿ ਜਦੋਂ ਪੁਲਿਸ ਉਸ ਦੇ ਪੁੱਤਰ ਅਤੇ ਕੈਮ ਮੈਕਲਿਓਡ ਦੀ ਦੇਸ਼-ਵਿਆਪੀ ਭਾਲ ਕਰ ਰਹੀ ਸੀ, ਉਸ ਸਮੇਂ ਉਹ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਹੋਣ ਕਾਰਨ ਕੰਮ ਤੋਂ ਛੁੱਟੀ 'ਤੇ ਚਲਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਜਦੋਂ ਕੁਝ ਹਫ਼ਤਿਆਂ ਬਾਅਦ ਉਹ ਵਾਪਸ ਕੰਮ 'ਤੇ ਜਾਣਾ ਚਾਹੁੰਦਾ ਸੀ ਤਾਂ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ, ਜਿਸ ਨਾਲ ਉਸ ਨੂੰ ਗੰਭੀਰ ਮਾਨਸਿਕ ਸਦਮਾ ਪਹੁੰਚਿਆ। ਦੂਜੇ ਪਾਸੇ, Sansa Construction Ltd ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਐਲਨ ਨੂੰ ਵਾਪਸ ਕੰਮ 'ਤੇ ਆਉਣ ਲਈ ਕਿਹਾ ਗਿਆ ਸੀ ਅਤੇ ਉਸ ਦੀ ਨੌਕਰੀ ਉਸ ਵੇਲੇ ਤੱਕ ਖਤਮ ਨਹੀਂ ਕੀਤੀ ਗਈ ਜਦੋਂ ਤੱਕ ਉਸ ਨੇ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕਰ ਦਿੱਤੀ। ਇਸ ਹਫ਼ਤੇ ਬੀ.ਸੀ. ਸੁਪਰੀਮ ਕੋਰਟ ਨੇ ਕੰਪਨੀ ਦੀ ਇਹ ਅਰਜ਼ੀ ਵੀ ਰੱਦ ਕਰ ਦਿੱਤੀ ਕਿ ਕੇਸ ਦੀ ਸੁਣਵਾਈ ਵੈਨਕੂਵਰ ਦੀ ਬਜਾਏ ਵਿਕਟੋਰੀਆ ਵਿੱਚ ਕਰਵਾਈ ਜਾਵੇ। ਜਸਟਿਸ ਲਾਰੈਂਸ ਰਾਬਿਨਸਨ ਨੇ ਕਿਹਾ ਕਿ ਐਲਨ ਨੂੰ ਆਪਣੇ ਪੁੱਤਰ ਦੀ ਬਦਨਾਮੀ ਕਾਰਨ ਵਿਕਟੋਰੀਆ ਵਾਪਸ ਜਾਣ 'ਤੇ ਆਪਣੀ ਸੁਰੱਖਿਆ ਬਾਰੇ ਚਿੰਤਾ ਹੈ ਅਤੇ ਬਿਨਾਂ ਮਜ਼ਬੂਤ ਕਾਰਨ ਉਸ ਨੂੰ ਉੱਥੇ ਜਾਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਯਾਦ ਰਹੇ ਕਿ ਬ੍ਰਾਇਰ ਸ਼ਮੇਗਲਸਕੀ ਅਤੇ ਕੈਮ ਮੈਕਲਿਓਡ 'ਤੇ 2019 ਵਿੱਚ ਉੱਤਰੀ ਬੀ.ਸੀ. ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ ਸਨ। ਦੋਵੇਂ ਦੀਆਂ ਲਾਸ਼ਾਂ ਬਾਅਦ ਵਿੱਚ ਉੱਤਰੀ ਮੈਨੀਟੋਬਾ ਵਿੱਚ ਮਿਲੀਆਂ ਸਨ ਅਤੇ ਪੁਲਿਸ ਮੁਤਾਬਕ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੀ ਸੁਣਵਾਈ ਅਗਲੇ ਸਾਲ ਜਨਵਰੀ ਵਿੱਚ ਹੋਣੀ ਹੈ।