ਕੈਨੇਡਾ ਵਿੱਚ ਫੂਡ ਬੈਂਕਾਂ ਦੀ ਮੰਗ ਰਿਕਾਰਡ ਪੱਧਰ ’ਤੇ, ਮਾਰਚ ਵਿੱਚ 23 ਲੱਖ ਤੋਂ ਵੱਧ ਵਾਰ ਲੋਕਾਂ ਨੇ ਲਈ ਮਦਦ
ਕੈਨੇਡਾ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਅਤੇ ਰਹਿਣ-ਸਹਿਣ ਦੇ ਖਰਚਿਆਂ ਕਾਰਨ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। Food Banks Canada ਦੀ ਨਵੀਂ ਰਿਪੋਰਟ ਮੁਤਾਬਕ, ਮਾਰਚ 2026 ਵਿੱਚ ਦੇਸ਼ ਭਰ ਦੇ ਫੂਡ ਬੈਂਕਾਂ ਵਿੱਚ 23 ਲੱਖ 55 ਹਜ਼ਾਰ ਤੋਂ ਵੱਧ ਵਾਰ ਲੋਕਾਂ ਨੇ ਮਦਦ ਲਈ ਪਹੁੰਚ ਕੀਤੀ। ਇਹ ਮਾਰਚ 2025 ਦੇ ਮੁਕਾਬਲੇ 8.7 ਫ਼ੀਸਦੀ ਵੱਧ ਹੈ ਅਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ, ਇਸ ਸਾਲ ਫੂਡ ਬੈਂਕਾਂ ’ਤੇ ਹੋਈਆਂ ਕੁੱਲ ਮੁਲਾਕਾਤਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ, ਯਾਨੀ ਲਗਭਗ 7 ਲੱਖ 76 ਹਜ਼ਾਰ, ਬੱਚਿਆਂ ਨਾਲ ਸਬੰਧਤ ਸਨ। ਸੰਸਥਾ ਦੀ ਮੁਖੀ ਕਿਰਸਟਿਨ ਬੀਅਰਡਸਲੇ ਨੇ ਕਿਹਾ ਕਿ ਲੋਕਾਂ ਲਈ ਕਿਰਾਇਆ ਦੇਣ ਅਤੇ ਕਰਿਆਨੇ ਦਾ ਸਮਾਨ ਖਰੀਦਣ ਵਰਗੇ ਜ਼ਰੂਰੀ ਖਰਚੇ ਪੂਰੇ ਕਰਨੇ ਵੀ ਔਖੇ ਹੋ ਰਹੇ ਹਨ। ਰਿਪੋਰਟ ਅਨੁਸਾਰ, 2021 ਤੋਂ ਹੁਣ ਤੱਕ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਲਗਭਗ 30 ਫ਼ੀਸਦੀ, ਘਰਾਂ ਦੇ ਖਰਚੇ 28 ਫ਼ੀਸਦੀ ਅਤੇ ਆਵਾਜਾਈ ਦੇ ਖਰਚੇ 24 ਫ਼ੀਸਦੀ ਵਧੇ ਹਨ। ਦੇਸ਼ ਦੇ ਹਰ ਪੰਜ ਵਿੱਚੋਂ ਇੱਕ ਫੂਡ ਬੈਂਕ ਕੋਲ ਆਪਣੇ ਸਾਰੇ ਲੋੜਵੰਦਾਂ ਦੀ ਮਦਦ ਕਰਨ ਤੋਂ ਪਹਿਲਾਂ ਹੀ ਖਾਣਾ ਖ਼ਤਮ ਹੋ ਰਿਹਾ ਹੈ। ਰਿਪੋਰਟ ਵਿੱਚ ਘੱਟ ਆਮਦਨ ਵਾਲੇ ਕਾਮਿਆਂ ਲਈ Canada Workers Benefit ਦੁੱਗਣਾ ਕਰਨ ਅਤੇ ਫੂਡ ਬੈਂਕਾਂ ਦੇ ਬੁਨਿਆਦੀ ਢਾਂਚੇ ਲਈ 50 ਕਰੋੜ ਡਾਲਰ ਤੱਕ ਨਿਵੇਸ਼ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।