ਵੈਨਕੂਵਰ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਹਨ 'ਡਿਸਟ੍ਰੈਕਸ਼ਨ ਚੋਰ', $2.45 ਲੱਖ ਤੋਂ ਵੱਧ ਦਾ ਨੁਕਸਾਨ

ਵੈਨਕੂਵਰ ਪੁਲਿਸ ਨੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਹੋ ਰਹੀਆਂ 'ਡਿਸਟ੍ਰੈਕਸ਼ਨ ਥੈਫਟ' ਘਟਨਾਵਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ ਜੂਨ ਅਤੇ ਜੁਲਾਈ ਮਹੀਨੇ ਦੌਰਾਨ ਅਜਿਹੀਆਂ 11 ਨਵੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਸ ਨਾਲ 2026 ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 35 ਹੋ ਗਈ ਹੈ। ਇਨ੍ਹਾਂ ਘਟਨਾਵਾਂ ਵਿੱਚ ਪੀੜਤਾਂ ਨੂੰ 2 ਲੱਖ 45 ਹਜ਼ਾਰ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

VPD ਦੇ ਸਰਜੰਟ ਟਿਮ ਰੱਸਲ ਨੇ ਦੱਸਿਆ ਕਿ ਇਹ ਚੋਰੀਆਂ ਸੰਗਠਿਤ ਅਪਰਾਧੀ ਗਿਰੋਹਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ, ਜੋ ਕਿਰਾਏ ਦੀਆਂ ਗੱਡੀਆਂ ਰਾਹੀਂ ਕੈਨੇਡਾ ਭਰ ਵਿੱਚ ਘੁੰਮ ਕੇ ਖ਼ਾਸ ਤੌਰ 'ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਇੱਕ ਮਾਮਲੇ ਵਿੱਚ 72 ਸਾਲਾ ਜੈਨਿਸ ਯਾਂਗ ਆਪਣੇ ਘਰ ਦੇ ਬਾਹਰ gardening ਕਰ ਰਹੀ ਸੀ, ਜਦੋਂ ਇੱਕ ਔਰਤ ਨੇ ਗੱਲਾਂ ਵਿੱਚ ਉਲਝਾ ਕੇ ਉਸ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਉਸ ਨੂੰ ਧੱਕਾ ਦੇ ਦਿੱਤਾ। ਦੂਜੇ ਮਾਮਲੇ ਵਿੱਚ 76 ਸਾਲਾ ਮਹਿਲਾ ਨੂੰ ਇੱਕ ਔਰਤ ਨੇ ਆਪਣੀ ਮਾਂ ਵਰਗੀ ਦੱਸ ਕੇ ਗਲੇ ਲਾਇਆ ਅਤੇ ਉਸ ਦੀ ਅਸਲੀ ਸੋਨੇ ਦੀ ਚੇਨ ਉਤਾਰ ਕੇ ਨਕਲੀ ਚੇਨ ਪਾ ਦਿੱਤੀ।

ਪੁਲਿਸ ਨੇ ਬਜ਼ੁਰਗਾਂ ਨੂੰ ਅਪੀਲ ਕੀਤੀ ਹੈ ਕਿ ਕੀਮਤੀ ਗਹਿਣੇ ਲੁਕਾ ਕੇ ਰੱਖਣ, ਅਜਨਬੀਆਂ ਤੋਂ ਦੂਰੀ ਬਣਾਈ ਰੱਖਣ ਅਤੇ ਕਿਸੇ ਵੀ ਸ਼ੱਕੀ ਘਟਨਾ ਦੀ ਤੁਰੰਤ 911 'ਤੇ ਸੂਚਨਾ ਦੇਣ।

ਇਸ ਲੇਖ ਨੂੰ ਸਾਂਝਾ ਕਰੋ: